ਪੀਆਰਟੀਸੀ ਮੁਲਾਜ਼ਮਾਂ ਵੱਲੋਂ ਚੱਕਾ ਜਾਮ
ਪੀਆਰਟੀਸੀ ਪਨਬੱਸ ਕੰਟਰੈਕਟਰ ਯੂਨੀਅਨ ਵੱਲੋਂ ਅੱਜ ਬੱਸ ਅੱਡਾ ਬੁਢਲਾਡਾ ਦਾ ਗੇਟ ਬੰਦ ਕਰਕੇ ਦੋ ਘੰਟਿਆਂ ਲਈ ਜਾਮ ਲਗਾਇਆ ਗਿਆ। ਇਸ ਦੌਰਾਨ ਅਧਿਕਾਰੀਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਯੂਨੀਅਨ ਦੇ ਪ੍ਰਧਾਨ ਰਾਜਵੀਰ ਸਿੰਘ ਨੇ ਕਿਹਾ ਕਿ ਮੈਨੇਜਮੈਂਟ ਵੱਲੋਂ ਪੱਖਪਾਤੀ ਰਵੱਈਆ ਅਪਣਾਇਆ ਜਾ ਰਿਹਾ ਹੈ। ਉਨ੍ਹਾਂ ਦੋਸ਼ ਲਾਉਂਦਿਆਂ ਕਿਹਾ ਕਿ ਉੱਚ ਅਧਿਕਾਰੀਆਂ ਦੀ ਸ਼ਹਿ ’ਤੇ ਮੈਨੇਜਮੈਂਟ ਵੱਲੋਂ ਮੁਲਾਜ਼ਮਾਂ ਦੀਆਂ ਡਿਊਟੀਆਂ ਬਦਲ ਕੇ ਤੰਗ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੀਟਿੰਗ ਦੌਰਾਨ ਉਨ੍ਹਾਂ ਨਾਲ ਉੱਚ ਅਧਿਕਾਰੀਆਂ ਵੱਲੋਂ ਗੱਲਬਾਤ ਦੌਰਾਨ ਮਾੜਾ ਵਿਵਹਾਰ ਕੀਤਾ ਗਿਆ, ਜੋ ਕਿ ਨਿੰਦਣਯੋਗ ਹੈ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਜੇਕਰ ਅਜਿਹਾ ਕੀਤਾ ਜਾਂਦਾ ਹੈ ਤਾਂ ਸੰਘਰਸ਼ ਪੰਜਾਬ ਪੱਧਰ ’ਤੇ ਲਿਜਾਣ ਤੋਂ ਗੁਰੇਜ਼ ਨਹੀਂ ਕਰਨਗੇ। ਇਸ ਮੌਕੇ ਗੁਰਸੇਵਕ ਸਿੰਘ, ਹਰਮੰਦਰ ਸਿੰਘ, ਜਸਵਿੰਦਰ ਸਿੰਘ, ਮਨਪ੍ਰੀਤ ਸਿੰਘ, ਗੁਰਜੰਟ ਸਿੰਘ, ਰੇਸ਼ਮ ਸਿੰਘ, ਰਾਮ ਸਿੰਘ, ਜੀਵਨ ਸਿੰਘ, ਅਮਰੀਕ ਸਿੰਘ, ਗੁਰਪ੍ਰੀਤ ਸਿੰਘ ਅਤੇ ਸਤਨਾਮ ਸਿੰਘ ਨੇ ਵੀ ਸੰਬੋਧਨ ਕੀਤਾ।