ਬਠਿੰਡਾ-ਮੁਕਤਸਰ ਰੋਡ ’ਤੇ ਆਵਾਜਾਈ ਠੱਪ
ਹਲਕੇ ਅੰਦਰ ਚੱਲ ਰਹੇ ਸੜਕਾਂ ਦੇ ਨਿਰਮਾਣ ਦੇ ਚੱਲਦਿਆਂ ਬੇਲਰ ਮਸ਼ੀਨ ਮਾਲਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਦੇ ਹੱਲ ਲਈ ਅੱਜ ਬੇਲਰ ਮਸ਼ੀਨ ਮਾਲਕਾਂ ਨੇ ਪਿੰਡ ਭਲਾਈਆਣਾ ਵਿੱਚ ਬਠਿੰਡਾ-ਮੁਕਤਸਰ ਰੋਡ ਤੇ ਸੜਕੀ ਆਵਾਜਾਈ ਠੱਪ ਕਰ ਦਿੱਤੀ ਅਤੇ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕਰਦਿਆਂ ਨਾਅਰੇਬਾਜ਼ੀ ਕੀਤੀ। ਬੇਲਰ ਮਾਲਕਾਂ ਦੇ ਪ੍ਰਦਰਸ਼ਨ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਆਪਣੀ ਹਮਾਇਤ ਦਿੱਤੀ ਗਈ। ਇਸ ਸਬੰਧੀ ਬੇਲਰ ਮਸ਼ੀਨਾਂ ਦੇ ਮਾਲਕ ਗੁਰਵਿੰਦਰ ਸਿੰਘ, ਲਖਵਿੰਦਰ ਸਿੰਘ, ਬਸੰਤ ਸਿੰਘ ਤੇ ਜਸਵਿੰਦਰ ਸਿੰਘ ਭਲਾਈਆਣਾ ਅਤੇ ਭਾਕਿਯੂ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਜਨਰਲ ਸਕੱਤਰ ਗੁਰਭਗਤ ਸਿੰਘ ਭਲਾਈਆਣਾ ਨੇ ਦੱਸਿਆ ਕਿ ਕਿਸਾਨਾਂ ਵੱਲੋਂ ਤਿਆਰ ਕੀਤੀਆਂ ਝੋਨੇ ਦੀ ਪਰਾਲੀ ਦੀਆਂ ਗੱਠਾਂ ਨੂੰ ਪਹਿਲਾਂ ਰੁਪਾਣਾ ਵਿੱਚ ਡੰਪ ਕੀਤਾ ਜਾਂਦਾ ਸੀ ਪਰੰਤੂ ਹੁਣ ਇਹ ਡੰਪ ਕੋਟਭਾਈ ਵਿੱਚ ਬਣਾ ਦਿੱਤਾ ਗਿਆ ਹੈ। ਝੋਨੇ ਦੇ ਸੀਜਨ ਦੌਰਾਨ ਹੀ ਪ੍ਰਸ਼ਾਸਨ ਵੱਲੋਂ ਪਿੰਡ ਭਲਾਈਆਣਾ ਤੋਂ ਰੁਖ਼ਾਲਾ ਵਾਇਆ ਗੁਪਤਸਰ ਸਾਹਿਬ ਅਤੇ ਪਿੰਡ ਸਾਹਿਬਚੰਦ ਦੇ ਨਜ਼ਦੀਕ ਸੜਕਾਂ ਦਾ ਨਿਰਮਾਣ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ, ਜਿਸ ਕਾਰਨ ਗੱਠਾਂ ਲੈ ਕੇ ਜਾਣ ਵਾਲੇ ਟਰਾਲਾ ਮਾਲਕਾਂ ਨੂੰ ਬਹੁਤ ਮੁਸਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਨਾਲ ਉਨ੍ਹਾਂ ਦੇ ਸਮੇਂ ਅਤੇ ਪੈਸੇ ਦੀ ਬਰਬਾਦੀ ਹੋ ਰਹੀ ਹੈ। ਬੇਲਰ ਮਸ਼ੀਨ ਮਾਲਕਾਂ ਨੇ ਦੱਸਿਆ ਕਿ ਇਸੇ ਮਜਬੂਰੀ ਕਾਰਨ ਅੱਜ ਉਨ੍ਹਾਂ ਨੂੰ ਆਵਾਜਾਈ ਠੱਪ ਕਰਕੇ ਧਰਨਾ ਲਗਾਉਣ ਲਈ ਮਜਬੂਰ ਹੋਣਾ ਪਿਆ ਹੈ। ਧਰਨੇ ਵਾਲੀ ਜਗ੍ਹਾ ’ਤੇ ਪੁੱਜੇ ਥਾਣਾ ਕੋਟਭਾਈ ਦੇ ਐੱਸ ਐੱਚ ਓ ਜਸਵੀਰ ਸਿੰਘ ਨੇ ਧਰਨਾ ਪ੍ਰਦਰਸ਼ਨ ਕਰ ਰਹੇ ਵਿਅਕਤੀਆਂ ਦੀ ਐੱਸ ਡੀ ਐੱਮ ਗਿੱਦੜਬਾਹਾ ਜਸਪਾਲ ਸਿੰਘ ਬਰਾੜ ਨਾਲ ਫੋਨ ’ਤੇ ਗੱਲਬਾਤ ਕਰਵਾਈ, ਜਿਨ੍ਹਾਂ ਝੋਨੇ ਦੇ ਸੀਜ਼ਨ ਦੌਰਾਨ ਸੜਕਾਂ ਦਾ ਕੰਮ ਇਕ ਮਹੀਨੇ ਲਈ ਬੰਦ ਕਰਵਾਉਣ ਅਤੇ ਗੱਠੇ ਦੇ ਟਰਾਲਿਆਂ ਨੂੰ ਕੋਈ ਵੀ ਪਰੇਸ਼ਾਨੀ ਨਾ ਆਉਣ ਦਿੱਤੇ ਜਾਣ ਦਾ ਭਰੋਸਾ ਦਿਵਾਇਆ, ਜਿਸ ਤੋਂ ਬਾਅਦ ਧਰਨਾਕਾਰੀਆਂ ਵੱਲੋਂ ਧਰਨਾ ਹਟਾਇਆ ਗਿਆ ਅਤੇ ਆਜਾਵਾਈ ਮੁੜ ਬਹਾਲ ਹੋਈ।