ਹੜ੍ਹ ਪੀੜਤਾਂ ਦੀ ਫ਼ਸਲ ਬੀਜਣ ਲਈ ਟਰੈਕਟਰ ਰਵਾਨਾ
ਫ਼ਾਜ਼ਿਲਕਾ ਖੇਤਰ ਦੇ ਹੜ੍ਹ ਪੀੜਤ ਕਿਸਾਨਾਂ ਦੀ ਖੇਤੀ ਕਾਰਜਾਂ ਵਿੱਚ ਮਦਦ ਕਰਨ ਲਈ ਅੱਜ ਇੱਥੋਂ ਟਰੈਕਟਰਾਂ ਦੇ ਕਾਫ਼ਲੇ ਨੂੰ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਸੂਬਾਈ ਆਗੂਆਂ ਝੰਡਾ ਸਿੰਘ ਜੇਠੂਕੇ ਅਤੇ ਸ਼ਿੰਗਾਰਾ ਸਿੰਘ ਮਾਨ ਨੇ ਰਵਾਨਾ ਕੀਤਾ। ਆਗੂਆਂ ਨੇ ਦੱਸਿਆ ਕਿ ਸੂਬਾ ਕਮੇਟੀ ਵੱਲੋਂ ਫ਼ਾਜ਼ਿਲਕਾ ਖ਼ੇਤਰ ਦੇ ਕਿਸਾਨਾਂ ਦੀਆਂ ਜ਼ਮੀਨਾਂ ਵਾਹੁਣ ਤੇ ਫ਼ਸਲਾਂ ਦੀ ਬਿਜਾਈ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਅੱਜ ਜ਼ਿਲ੍ਹਾ ਬਠਿੰਡਾ ਅਤੇ ਮਾਨਸਾ ਤੋਂ ਟਰੈਕਟਰਾਂ ਦੇ ਦੂਜੇ ਕਾਫ਼ਲੇ ਨੂੰ ਰਵਾਨਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਹੁਣ ਤੱਕ ਜ਼ਮੀਨਾਂ ਪੱਧਰ ਕਰਨ, ਪਸ਼ੂਆਂ ਲਈ ਚਾਰੇ ਅਤੇ ਬਿਸਤਰੇ-ਕੱਪੜਿਆਂ ਤੋਂ ਇਲਾਵਾ 9300 ਮਣ ਖਾਣ ਲਈ ਕਣਕ ਅਤੇ 4700 ਏਕੜ ਜ਼ਮੀਨ ਲਈ ਕਣਕ ਦਾ ਬੀਜ (ਪ੍ਰਤੀ ਏਕੜ 40 ਕਿਲੋ) ਲਗਪਗ ਦੋ ਦਰਜਨ ਪਿੰਡਾਂ ਵਿੱਚ ਵੰਡਿਆ ਜਾ ਚੁੱਕਾ ਹੈ। ਅੱਜ ਦੇ ਕਾਫ਼ਲੇ ਵਿੱਚ ਜ਼ਿਲ੍ਹਾ ਮਾਨਸਾ ਦੇ ਆਗੂ ਜੋਗਿੰਦਰ ਸਿੰਘ ਦਿਆਲਪੁਰਾ, ਬਠਿੰਡਾ ਤੋਂ ਜਗਸੀਰ ਸਿੰਘ ਝੁੰਬਾ, ਨਛੱਤਰ ਸਿੰਘ ਢੱਡੇ, ਗੁਲਾਬ ਸਿੰਘ ਜਿਉਂਦ, ਜਸਪਾਲ ਸਿੰਘ ਕੋਠਾਗੁਰੂ, ਨੀਟਾ ਸਿੰਘ ਦਿਓਣ, ਗੁਰਜੀਤ ਸਿੰਘ ਬੰਗੇਹਰ ਸਮੇਤ ਹੋਰ ਆਗੂ ਵਰਕਰ ਮੌਜੂਦ ਸਨ।
