ਟੌਲ ਪਲਾਜ਼ਾ ਪਰਚੀ ਮੁਕਤੀ: ਦੂਜੇ ਦਿਨ ਦੋ ਕਿਸਾਨ ਜਥੇਬੰਦੀਆਂ ਨੇ ਵੱਖ-ਵੱਖ ਧਰਨੇ ਲਾਏ
ਇੱਥੇ ਕੌਮੀ ਸ਼ਾਹ ਰਾਹ ਨੰਬਰ 54 (ਅੰਮ੍ਰਿਤਸਰ-ਬਠਿੰਡਾ ਸੈਕਸ਼ਨ) 'ਤੇ ਬੁਨਿਆਦੀ ਸਹੂਲਤਾਂ ਦੀ ਘਾਟ ਦੇ ਰੋਸ ਵਜੋਂ ਕਿਸਾਨ ਜਥੇਬੰਦੀਆਂ ਵੱਲੋਂ ਕੋਟ ਕਰੋੜ ਕਲਾਂ ਟੌਲ ਪਲਾਜ਼ਾ ’ਤੇ ਅਣਮਿਥੇ ਸਮੇਂ ਲਈ ਲਾਏ ਧਰਨੇ ਅੱਜ ਦੂਜੇ ਦਿਨ ਵੀ ਜਾਰੀ ਰਹੇ। ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਧਰਨੇ ਦੀ ਅਗਵਾਈ ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ ਗਿੱਲ ਕਰਮੂਵਾਲਾ ਤੇ ਭਾਰਤੀ ਕਿਸਾਨ ਯੂਨੀਅਨ ਪੰਜਾਬ ਖੋਸਾ ਦੇ ਧਰਨੇ ਦੀ ਅਗਵਾਈ ਸੂਬਾ ਸੀਨੀਅਰ ਮੀਤ ਪ੍ਰਧਾਨ ਫ਼ਤਿਹ ਸਿੰਘ ਖੋਸਾ ਕੋਟ ਕਰੋੜ ਵੱਲੋਂ ਕੀਤੀ ਜਾ ਰਹੀ ਹੈ।
ਜਥੇਬੰਦੀਆਂ ਨੇ ਪਲਾਜ਼ਾ ਪਰਚੀ ਮੁਕਤ ਕੀਤਾ ਹੋਇਆ ਹੈ ਜਿਸ ਤੋਂ ਰਾਹਗੀਰਾਂ ਨੂੰ ਕਿਸੇ ਖ਼ਾਸ ਹੱਦ ਤੱਕ ਵਿੱਤੀ ਲਾਭ ਹੋ ਰਿਹਾ ਹੈ। ਦੋਹਾਂ ਜਥੇਬੰਦੀਆਂ ਵੱਲੋਂ ਇਕੋ ਜਿਹੇ ਮੁੱਦਿਆਂ 'ਤੇ ਲਗਾਏ ਗਏ ਵੱਖ-ਵੱਖ ਧਰਨੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰਦੇ ਹਨ। ਜਥੇਬੰਦੀਆਂ ਨੇ ਇੱਕ-ਦੂਜੇ ’ਤੇ ਦਬਵੀਂ ਤੋਹਮਤਬਾਜ਼ੀ ਵੀ ਕੀਤੀ ਹੈ।
ਦੂਜੇ ਪਾਸੇ ਸਰਕਾਰੀ ਬੇਰੁਖ਼ੀ ਤੇ ਜਥੇਬੰਦੀਆਂ ਦੇ ਧਰਨਿਆਂ ਵਿਚਕਾਰ ਟੌਲ ਪਲਾਜ਼ਾ 'ਤੇ ਕੰਮ ਕਰਨ ਵਾਲੇ ਕਰੀਬ 70 ਕਾਮਿਆਂ ਦੇ ਘਰਾਂ ਵਿੱਚ ਚੁੱਲ੍ਹਿਆਂ ਦੀ ਅੱਗ ਬੁਝ ਗਈ ਹੈ। ਇਨ੍ਹਾਂ ਕਾਮਿਆਂ ਦੇ ਮੋਢੀ ਸੁਖਜੀਤ ਸਿੰਘ ਖੋਸਾ ਕੋਟ ਕਰੋੜੀਆ ਤੇ ਸੰਦੀਪ ਸਿੰਘ ਖੋਸਾ ਕੋਟਲਾ ਨੇ ਦੱਸਿਆ ਕਿ ਕਰਮਚਾਰੀਆਂ ਨੂੰ ਦਿਹਾੜੀ ਦੇ ਹਿਸਾਬ ਨਾਲ ਮਿਹਨਤਾਨਾ ਮਿਲਦਾ ਹੈ। ਧਰਨੇ ਸ਼ੁਰੂ ਹੋਣ ਦੇ ਨਾਲ ਹੀ ਉਨ੍ਹਾਂ ਦੀ ਦਿਹਾੜੀ ਬੰਦ ਹੋ ਗਈ ਹੈ। ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਦੀਆਂ ਮੰਗਾਂ ਜਾਇਜ਼ ਹਨ ਜੋ ਸਰਕਾਰ ਨੂੰ ਫ਼ੌਰੀ ਤੌਰ ’ਤੇ ਮੰਨ ਲੈਣੀਆਂ ਚਾਹੀਦੀਆਂ ਹਨ।