ਤਿੰਨ ਲੁਟੇਰੇ ਮਜ਼ਦੂਰ ਦਾ ਮੋਬਾਈਲ ਫੋਨ ਖੋਹ ਕੇ ਫ਼ਰਾਰ
ਸਾਦਿਕ ਇਲਾਕੇ ਵਿੱਚ ਅਪਰਾਧਿਕ ਅਨਸਰਾਂ ਵੱਲੋਂ ਲੁੱਟਾਂ-ਖੋਹਾਂ ਦੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ। ਤਾਜ਼ਾ ਮਾਮਲੇ ਵਿੱਚ ਇੱਕ ਸਬਜ਼ੀ ਵੇਚਣ ਵਾਲੇ ਤੋਂ ਤਿੰਨ ਲੁਟੇਰੇ ਉਸ ਦਾ ਮੋਬਾਈਲ ਫੋਨ ਖੋਹ ਕੇ ਫਰਾਰ ਹੋ ਗਏ। ਪੀੜਤ ਰਾਜ ਕੁਮਾਰ ਨੇ ਦੱਸਿਆ ਕਿ ਉਹ ਸਬਜ਼ੀਆਂ ਤੇ ਫ਼ਲ ਵੇਚਣ ਦਾ ਕੰਮ ਕਰਦਾ ਹੈ ਅਤੇ ਉਹ ਰੋਜ਼ਾਨਾ ਦੀ ਤਰ੍ਹਾਂ ਸਬਜ਼ੀ ਵੇਚਣ ਤੋਂ ਬਾਅਦ ਪਿੰਡ ਸੀਰਵਾਲੀ ਤੋਂ ਸਾਦਿਕ ਵਾਪਸ ਘਰ ਜਾ ਰਿਹਾ ਸੀ। ਰਸਤੇ ਵਿੱਚ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਨੇ ਉਸ ਨੂੰ ਡਰਾ-ਧਮਕਾ ਕੇ ਉਸ ਤੋਂ ਮੋਬਾਇਲ ਫੋਨ ਖੋਹ ਲਿਆ ਅਤੇ ਫਰਾਰ ਹੋ ਗਏ। ਇਸ ਮਾਮਲੇ ਵਿੱਚ ਥਾਣਾ ਸਾਦਿਕ ਵਿੱਚ ਤਿੰਨ ਅਣਪਛਾਤੇ ਵਿਅਕਤੀਆਂ ਖਿਲਾਫ਼ ਪਰਚਾ ਦਰਜ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਸਾਦਿਕ ਵਿੱਚ ਕਾਫ਼ੀ ਸਮੇਂ ਤੋਂ ਲੁੱਟਾਂ-ਖੋਹਾਂ ਅਤੇ ਚੋਰੀ ਦੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ ਅਤੇ ਇਨ੍ਹਾਂ ਘਟਨਾਵਾਂ ਤੋਂ ਤੰਗ ਆ ਕੇ ਇਲਾਕੇ ਦੇ ਲੋਕਾਂ ਅਤੇ ਵਪਾਰ ਮੰਡਲ ਵੱਲੋਂ ਸਾਦਿਕ ਚੌਕ ਵਿੱਚ ਚੱਕਾ ਜਾਮ ਕਰ ਕੇ ਪੁਲੀਸ ਖ਼ਿਲਾਫ਼ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ ਸੀ ਅਤੇ ਪੁਲੀਸ ਨੇ ਭਰੋਸਾ ਦਿੱਤਾ ਸੀ ਕਿ ਭਵਿੱਖ ਅਜਿਹੀਆਂ ਘਟਨਾਵਾਂ ਤੋਂ ਇਲਾਕਾ ਨਿਵਾਸੀਆਂ ਨੂੰ ਨਿਜਾਤ ਦਿਵਾਈ ਜਾਵੇਗੀ ਅਤੇ ਮੁਲਜ਼ਮਾਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ ਪਰੰਤੂ ਇਸ ਦੇ ਬਾਵਜੂਦ ਇਹ ਘਟਨਾਵਾਂ ਜਿਉਂ ਦੀਆਂ ਤਿਉਂ ਵਾਪਰੀ ਰਹੀਆਂ ਹਨ।