ਠੱਗੀ ਮਾਰਨ ਵਾਲੇ ਗਰੋਹ ਦੇ ਤਿੰਨ ਮੈਂਬਰ ਗ੍ਰਿਫ਼ਤਾਰ
ਇਥੇ ਇੱਕ ਸ਼ਖ਼ਸ ਵੱਲੋਂ ਕਸਬਾ ਸ਼ਹਿਣਾ ਦੇ ਖੁਸ਼ਵਿੰਦਰ ਸਿੰਘ ਪੱਖੋ ਬਸਤੀ ਸ਼ਹਿਣਾ ਦੇ ਘਰ ਦੇ ਵੇਹੜੇ ਵਿੱਚ ਸੋਨੇ ਦੀ ਗਾਗਰ ਦੱਬੀ ਹੋਣ ਦਾ ਝਾਂਸਾ ਦੇ ਕੇ ਤਿੰਨ ਚਾਰ ਤੋਲੇ ਸੋਨਾ ਅਤੇ ਡੇਢ ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ਾਂ ਹੇਠ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਐੱਸ ਐੱਸ ਪੀ ਮੁਹੰਮਦ ਸਰਫ਼ਰਾਜ਼ ਆਲਮ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ 10 ਅਗਸਤ 2025 ਨੂੰ ਸ਼ਾਸਤਰੀ ਨਾਂ ਦਾ ਵਿਅਕਤੀ ਆਪਣੇ ਇੱਕ ਹੋਰ ਸਾਥੀ ਨਾਲ ਸ਼ਹਿਣਾ ਵਿੱਚ ਖੁਸ਼ਵਿੰਦਰ ਸਿੰਘ ਦੇ ਘਰ ਆਇਆ ਅਤੇ ਗਾਗਰ ਦਾ ਲਾਲਚ ਦੇ ਕੇ ਪਾਠ ਪੂਜਾ ਸ਼ੁਰੂ ਕੀਤੀ। ਬਿਆਨ ਕਰਤਾ ਅਨੁਸਾਰ ਸੋਨੇ ਦੀ ਤਿੰਨ ਚਾਰ ਤੋਲੇ ਪੂਜਾ ਕਰਨ ਲਈ ਮੰਗੇ ਅਤੇ ਫਿਰ ਪਾਠ ਪੂਜਾ ਕਰਕੇ ਸੋਨੇ ਦੇ ਗਹਿਣੇ ਵਾਪਸ ਅਲਮਾਰੀ ਵਿੱਚ ਰਖਵਾ ਦਿੱਤੇ। ਪਰਿਵਾਰਕ ਮੈਂਬਰ ਪਾਠ ਪੂਜਾ ਕਰਦੇ ਕਰਦੇ ਹੀ ਸੌਂ ਗਏ। ਸ਼ਾਸਤਰੀ ਆਪਣੇ ਸਾਥੀ ਨਾਲ ਉਹਨਾਂ ਦੇ ਘਰੋਂ ਚਲਾ ਗਿਆ। ਜਦੋਂ ਪਰਿਵਾਰ ਨੇ ਅਲਮਾਰੀ ਖੋਲ੍ਹ ਕੇ ਦੇਖੀ ਤਾਂ ਉਸ ਵਿੱਚੋਂ ਤਿੰਨ ਚਾਰ ਤੋਲੇ ਸੋਨਾ ਅਤੇ ਡੇਢ ਲੱਖ ਰੁਪਏ ਗਾਇਬ ਸਨ। ਜਿਸ ਨੂੰ ਸ਼ਾਸਤਰੀ ਪੰਡਿਤ ਸਮੇਤ ਸਾਥੀਆਂ ਦੇ ਚੋਰੀ ਕਰਕੇ ਲੈ ਗਿਆ ਸੀ। ਉਨ੍ਹਾਂ ਦੱਸਿਆ ਕਿ ਪੁਲੀਸ ਪਾਰਟੀ ਨੇ ਸ਼ਿਵਮ ਕੁਮਾਰ, ਸ਼ੁਭਮ ਕੁਮਾਰ ਉਰਫ਼ ਕਾਂਸ਼ੀ ਰਾਮ ਸ਼ਾਸਤਰੀ ਵਾਸੀ ਗੁਹਾਲਾ ਥਾਣਾ ਨੀਮਕਾ ਜ਼ਿਲ੍ਹਾ ਸੀਕਰ ਰਾਜਸਥਾਨ ਹਾਲ ਆਬਾਦ ਜਲੰਧਰ ਅਤੇ ਰਵੀ ਸ਼ਰਮਾ ਵਾਸੀ ਮੋਗਾ, ਪ੍ਰਵੀਨ ਕੁਮਾਰ ਭਾਰਗਵ ਉਰਫ਼ ਸੋਨੂੰ ਵਾਸੀ ਗੁਹਾਲਾ ਜਲੰਧਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਕੋਲੋਂ 60 ਹਜ਼ਾਰ ਰੁਪਏ ਦੀ ਕਰੰਸੀ ਨੋਟ ਵੀ ਬਰਾਮਦ ਕੀਤੇ ਗਏ ਹਨ।
