ਸੜਕ ਹਾਦਸਿਆਂ ’ਚ ਤਿੰਨ ਹਲਾਕ; ਅੱਠ ਗੰਭੀਰ ਜ਼ਖ਼ਮੀ
ਜਸਵੰਤ ਸਿੰਘ ਥਿੰਦ/ਲਖਵੀਰ ਸਿੰਘ ਚੀਮਾ
ਮਮਦੋਟ/ਮਹਿਲ ਕਲਾਂ, 23 ਜੂਨ
ਮਮਦੋਟ ਤੇ ਵਜੀਦਕੇ ਕਲਾਂ ’ਚ ਦੋ ਸੜਕ ਹਾਦਸਿਆਂ ’ਚ ਤਿੰਨ ਹਲਾਕ ਹੋ ਗਏ ਤੇ ਅੱਠ ਗੰਭੀਰ ਜ਼ਖ਼ਮੀ ਹੋ ਗਏ। ਇਨ੍ਹਾਂ ਦੋਵੇਂ ਹਾਦਸਿਆਂ ’ਚ ਕਾਰਾਂ ਦੀ ਆਹਮੋ ਸਾਹਮਣੀ ਟੱਕਰ ਹੋਈ। ਪਹਿਲਾ ਹਾਦਸਾ ਫਿਰੋਜ਼ਪੁਰ-ਫਾਜ਼ਿਲਕਾ ਸੜਕ ’ਤੇ ਪਿੰਡ ਪੀਰ ਖਾਂ ਸ਼ੇਖ ਨਜ਼ਦੀਕ ਹੋਇਆ ਜਿਥੇ ਦੋ ਕਾਰਾਂ ਦੀ ਟੱਕਰ ਵਿੱਚ ਚਾਰ ਗੰਭੀਰ ਜ਼ਖਮੀ ਹੋ ਗਏ ਅਤੇ ਦੋ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਕਰੇਟਾ ਕਾਰ ਜਿਸ ਨੂੰ ਸਬ ਇੰਸਪੈਕਟਰ ਕੁਲਵਿੰਦਰ ਸਿੰਘ ਚਲਾ ਰਿਹਾ ਸੀ ਅਤੇ ਸਿਆਜ਼ ਕਾਰ ਨੂੰ ਗੁਰੂ ਹਰਸਹਾਏ ਵਾਸੀ ਚਲਾ ਰਿਹਾ ਸੀ। ਘਟਨਾ ਦਾ ਪਤਾ ਚਲਦਿਆਂ ਐਸਐਚਓ ਮਮਦੋਟ ਗੁਰਵਿੰਦਰ ਕੁਮਾਰ ਅਤੇ ਐਸਐਸਐਫ ਨੇ ਮੌਕੇ ਤੇ ਪਹੁੰਚ ਕੇ ਜ਼ਖਮੀਆਂ ਨੂੰ 108 ਐਂਬੂਲੈਂਸ ਰਾਹੀਂ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਪਹੁੰਚਾਇਆ ਪਰ ਕੁਲਵਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਰਡ ਨੰਬਰ 14 ਤਰਨ ਤਰਨ ਦੀ ਮੌਤ ਹੋ ਗਈ। ਇਸ ਹਾਦਸੇ ਵਿੱਚ ਇੱਕ ਔਰਤ ਦੀ ਵੀ ਮੌਤ ਹੋਣ ਦੀ ਖਬਰ ਮਿਲੀ ਹੈ।
ਲੁਧਿਆਣਾ-ਬਰਨਾਲਾ ਰਾਜ ਮਾਰਗ ’ਤੇ ਅੱਜ ਪਿੰਡ ਵਜੀਦਕੇ ਕਲਾਂ ਨੇੜੇ ਸੜਕ ਹਾਦਸੇ ਵਿੱਚ ਇੱਕ ਕਾਰ ਚਾਲਕ ਨੌਜਵਾਨ ਲੜਕੀ ਦੀ ਮੌਤ ਹੋ ਗਈ, ਜਦਕਿ ਚਾਰ ਗੰਭੀਰ ਜ਼ਖ਼ਮੀ ਹੋ ਗਏ।ਜਾਣਕਾਰੀ ਮੁਤਾਬਕ ਲੁਧਿਆਣਾ ਵਲੋਂ ਬਰਨਾਲਾ ਆ ਰਹੀ ਇੱਕ ਡਿਜ਼ਾਇਰ ਕਾਰ ਦੀ ਵਜੀਦਕੇ ਕਲਾਂ ਨੇੜੇ ਬਰਨਾਲਾ ਵੱਲੋਂ ਆ ਰਹੀ ਕਾਰ ਨਾਲ ਸਿੱਧੀ ਟੱਕਰ ਹੋ ਗਈ। ਟੱਕਰ ਏਨੀ ਭਿਆਨਕ ਸੀ ਕਿ ਡਿਜ਼ਾਇਰ ਕਾਰ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ। ਘਟਨਾ ਉਪਰੰਤ ਕਾਰ ਚਾਲਕ ਨੌਜਵਾਨ ਲੜਕੀ ਅਤੇ ਦੂਜੀ ਕਾਰ ’ਚ ਸਵਾਰ 4 ਲੋਕ ਜ਼ਖ਼ਮੀ ਹੋ ਗਏ। ਘਟਨਾ ਸਥਾਨ ’ਤੇ ਐਸਐਸਐਫ਼ ਦੇ ਮੁਲਾਜ਼ਮ ਪਹੁੰਚੇ ਅਤੇ ਜ਼ਖ਼ਮੀਆਂ ਨੂੰ ਤੁਰੰਤ ਬਰਨਾਲਾ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ ਜਿੱਥੇ ਲੜਕੀ ਨੂੰ ਡਾਕਟਰਾਂ ਨੇ ਮ੍ਰਿਤਕ ਕਰਾਰ ਦੇ ਦਿੱਤਾ। ਮ੍ਰਿਤਕਾ ਦੀ ਪਹਿਚਾਣ ਗੁਰਲੀਨ ਕੌਰ ਵਾਸੀ ਲੁਧਿਆਣਾ ਵਜੋਂ ਹੋਈ ਹੈ। ਇਸ ਮੌਕੇ ਥਾਣਾ ਠੁੱਲੀਵਾਲ ਦੇ ਏਐਸਆਈ ਹਰਵਿੰਦਰਪਾਲ ਸਿੰਘ ਮੌਕੇ ’ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਹਾਦਸੇ ਦੀ ਪੂਰੀ ਜਾਂਚ ਉਪਰੰਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਓਵਰਲੋਡ ਟਰਾਲੀ ਹੇਠ ਕਾਰ ਵੜਨ ਨਾਲ ਨੌਜਵਾਨ ਦੀ ਮੌਤ
ਬਠਿੰਡਾ (ਮਨੋਜ ਸ਼ਰਮਾ): ਬਠਿੰਡਾ-ਮੁਕਤਸਰ ਸਾਹਿਬ ਰੋਡ ’ਤੇ ਸੜਕ ਹਾਦਸਾ ਦੌਰਾਨ ਇੱਕ ਨੌਜਵਾਨ ਦੀ ਮੌਤ ਗਈ। ਇਹ ਹਾਦਸਾ ਤੂੜੀ ਨਾਲ ਓਵਰਲੋਡ ਟਰਾਲੀ ਦੇ ਪਿੱਛੇ ਕਾਰ ਦੇ ਟਕਰਾਉਣ ਨਾਲ ਵਾਪਰਿਆ। ਇਹ ਹਾਦਸਾ ਦਿਓਣ ਪਿੰਡ ਦੇ ਨੇੜੇ ਹੋਇਆ, ਜਿਸ ਵਿੱਚ ਕਾਰ ਚਾਲਕ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪ੍ਰਤੱਖ ਦਰਸ਼ੀਆਂ ਮੁਤਾਬਕ ਕਾਰ ਚਾਲਕ ਨੂੰ ਤੁਰੰਤ ਬਾਹਰ ਕੱਢਿਆ ਗਿਆ ਪਰ ਨੌਜਵਾਨ ਦੀ ਮੌਤ ਹੋ ਚੁੱਕੀ ਸੀ। ਇਸ ਮੌਕੇ ਟਰੈਕਟਰ ਚਾਲਕ ਫਰਾਰ ਹੋ ਗਿਆ। ਇਸ ਸੜਕ ਦੁਰਘਟਨਾ ਵਿਚ ਫੌਤ ਹੋਏ ਮ੍ਰਿਤਕ ਦੀ ਸ਼ਨਾਖ਼ਤ ਸੋਨੂੰ ਬਾਂਸਲ (40) ਪੁੱਤਰ ਗੋਪਾਲ ਦਾਸ ਵਾਸੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਜੋਂ ਹੋਈ ਹੈ। ਘਟਨਾ ਸਥਾਨ ਮੌਕੇ ਪੁੱਜੀ ਥਾਣਾ ਸਦਰ ਦੀ ਪੁਲੀਸ ਅਤੇ ਸਹਾਰਾ ਵਰਕਰਾਂ ਨੇ ਦੱਸਿਆ ਕਿ ਕਾਰ ਚਾਲਕ ਸੋਨੂ ਬਾਂਸਲ ਆਪਣਾ ਕਾਰੋਬਾਰ ਬੰਦ ਕਰਕੇ ਸ੍ਰੀ ਮੁਕਤਸਰ ਸਾਹਿਬ ਵਿਖ਼ੇ ਆਪਣੇ ਘਰ ਵਾਪਸ ਜਾ ਰਿਹਾ ਸੀ। ਇਹ ਹਾਦਸੇ ਪਿੰਡ ਦਿਓਣ ਨੇੜੇ ਵਾਪਰਿਆ ਜਦੋਂ ਕਾਰ ਚਾਲਕ ਇਕ ਓਵਰਲੋਡ ਤੂੜੀ ਨਾਲ ਭਰੀ ਟਰਾਲੀ ਦੇ ਪਿੱਛੇ ਟਕਰਾ ਗਿਆ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਪੂਰੀ ਤਰ੍ਹਾਂ ਨੁਕਸਾਨੀ ਗਈ। ਪੁਲੀਸ ਦੀ ਕਾਰਵਾਈ ਮਗਰੋਂ ਸਹਾਰਾ ਟੀਮ ਵੱਲੋਂ ਲਾਸ਼ ਨੂੰ ਸਿਵਲ ਹਸਪਤਾਲ ਦੀ ਮੋਰਚਰੀ ’ਚ ਭੇਜ ਦਿੱਤਾ ਗਿਆ। ਹਾਦਸੇ ਦਾ ਮੁੱਖ ਕਾਰਨ ਟਰਾਲੀ ਦਾ ਓਵਰਲੋਡ ਹੋਣਾ ਦੱਸਿਆ ਜਾ ਰਿਹਾ ਹੈ। ਪੁਲੀਸ ਵੱਲੋਂ ਅੱਗੇ ਦੀ ਜਾਂਚ ਜਾਰੀ ਹੈ। ਸੜਕਾਂ ’ਤੇ ਓਵਰਲੋਡ ਵਾਹਨਾਂ ਦੇ ਵਧ ਰਹੇ ਖ਼ਤਰੇ ਨੂੰ ਲੈ ਕੇ ਲੋਕਾਂ ਵਿੱਚ ਚਿੰਤਾ ਦਾ ਮਾਹੌਲ ਪਾਇਆ ਜਾ ਰਿਹਾ ਹੈ। ਲੋਕਾਂ ਨੇ ਰਾਤ ਦੇ ਹਨੇਰੇ ਵਿਚ ਇਨ੍ਹਾਂ ਵਾਹਨਾਂ ’ਤੇ ਨਕੇਲ ਕਸਣ ਦੀ ਮੰਗ ਕੀਤੀ ਹੈ।