ਵਪਾਰੀ ਕੋਲੋਂ ਫਿਰੌਤੀ ਮੰਗਣ ਵਾਲੇ ਤਿੰਨ ਗੈਂਗਸਟਰ ਗ੍ਰਿਫ਼ਤਾਰ
ਇਥੋਂ ਦੇ ਇੱਕ ਵਪਾਰੀ ਕੋਲੋਂ 1 ਕਰੋੜ ਰੁਪਏ ਦੀ ਫਿਰੌਤੀ ਮੰਗਣ ਦੇ ਮਾਮਲੇ ਵਿੱਚ ਪੁਲੀਸ ਨੇ ਤਿੰਨ ਗੈਂਗਸਟਰਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਨ੍ਹਾਂ ਵਿਚੋਂ ਇੱਕ ਪੁਲੀਸ ਮੁਕਾਬਲੇ ਵਿੱਚ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਦਾਖ਼ਲ ਕਰਵਾਇਆ ਹੋਇਆ ਹੈ। ਪੁਲੀਸ ਅਧਿਕਾਰੀਆਂ ਅਨੁਸਾਰ ਇਨ੍ਹਾਂ ਤਿੰਨ ’ਤੇ ਪਹਿਲਾਂ ਹੀ ਅਸਲਾ ਐਕਟ, ਇਰਾਦਾ ਕਤਲ ਅਤੇ ਐਨਡੀਪੀਐਸ ਵਰਗੀਆਂ ਸੰਗੀਨ ਧਰਾਵਾਂ ਤਹਿਤ 9 ਕੇਸ ਦਰਜ ਹਨ। ਜ਼ਿਲ੍ਹੇ ਦੀ ਐੱਸਐੱਸਪੀ ਡਾ. ਪ੍ਰਗਿਆ ਜੈਨ ਨੇ ਦੱਸਿਆ ਕਿ ਕੋਟਕਪੂਰਾ ਦੇ ਇੱਕ ਵਪਾਰੀ ਕੋਲੋਂ ਬੰਬੀਹਾ ਗੈਂਗ ਦੇ ਗੈਂਗਸਟਰਾਂ ਵੱਲੋਂ ਅਪਰੈਲ ਮਹੀਨੇ ਵਿੱਚ 1 ਕਰੋੜ ਰੁਪਏ ਦੀ ਫਿਰੌਤੀ ਮੰਗੀ ਗਈ ਸੀ। ਫਿਰੌਤੀ ਨਾ ਦੇਣ ਦੀ ਸੂਰਤ ਵਿੱਚ 1 ਸਤੰਬਰ ਨੂੰ ਵਪਾਰੀ ਦੇ ਘਰ ’ਤੇ ਫਾਇਰਿੰਗ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਮਗਰੋਂ ਕਰਵਾਈ ਕਰਦਿਆਂ ਪੁਲੀਸ ਟੀਮਾਂ ਨੇ ਟੈਕਨੀਕਲ ਇਨਪੁੱਟ ਦੇ ਆਧਾਰ ’ਤੇ ਸੰਦੀਪ ਸਿੰਘ ਲਵਲੀ ਅਤੇ ਰਾਮਜੋਤ ਸਿੰਘ ਜੋਤ ਨੂੰ ਗ੍ਰਿਫਤਾਰ ਕੀਤਾ। ਇਨ੍ਹਾਂ ਤੋਂ ਪੁੱਛ-ਪੜਤਾਲ ਦੌਰਾਨ ਸਾਹਮਣੇ ਆਇਆ ਕਿ ਵਾਰਦਾਤ ਗੈਂਗਸਟਰ ਸਿੰਮਾ ਬਹਿਬਲ ਅਤੇ ਜੱਸ ਬਹਿਬਲ ਦੇ ਇਸ਼ਾਰੇ ’ਤੇ ਕੀਤੀ ਗਈ ਅਤੇ ਇਨ੍ਹਾਂ ਨੂੰ ਕੇਂਦਰੀ ਜੇਲ੍ਹ ਫਰੀਦਕੋਟ ਵਿੱਚ ਬੰਦ ਮੋਗਾ ਜ਼ਿਲ੍ਹੇ ਨਾਲ ਸਬੰਧਤ ਗੈਂਗਸਟਰ ਮਲਕੀਤ ਸਿੰਘ ਨੇ ਹਥਿਆਰ ਮੁਹੱਈਆ ਕਰਵਾਏ। ਐੱਸਐੱਸਪੀ ਅਨੁਸਾਰ ਮਲਕੀਤ ਸਿੰਘ ਨੂੰ ਕੇਂਦਰੀ ਜ਼ੇਲ੍ਹ ਫਰੀਦਕੋਟ ਵਿੱਚੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਪੜਤਾਲ ਕੀਤੀ ਤਾਂ ਪਤਾ ਲੱਗਾ ਕਿ ਇਨ੍ਹਾਂ ਨੇ ਹਥਿਆਰ ਢਿੱਲਵਾਂ ਤੋਂ ਸਿਵੀਆਂ ਰੋਡ ’ਤੇ ਨਹਿਰਾਂ ਕੋਲ ਲੁਕੋ ਕੇ ਰੱਖੇ ਹੋਏ ਹਨ। ਉਨ੍ਹਾਂ ਦੱਸਿਆ ਕਿ ਪੁਲੀਸ ਹਥਿਆਰਾਂ ਦੀ ਬਰਾਮਦਗੀ ਲਈ ਜਦੋਂ ਰਾਮਜੋਤ ਸਿੰਘ ਜੋਤ ਨੂੰ ਲੈ ਕੇ ਜਾ ਰਹੀ ਸੀ ਤਾਂ ਮੌਕੇ ’ਤੇ ਪਹੁੰਚ ਕੇ ਉਸ ਨੇ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਉਥੇ ਲੁਕੋ ਕੇ ਰੱਖਿਆ ਪਿਸਤੌਲ ਕੱਢ ਕੇ ਪੁਲੀਸ ਵੱਲ ਫਾਇਰਿੰਗ ਕੀਤੀ। ਡਾ. ਪ੍ਰਗਿਆ ਜੈਨ ਅਨੁਸਾਰ ਇੱਕ ਫਾਇਰ ਪੁਲੀਸ ਕਰਮਚਾਰੀ ਦੀ ਪੱਗ ਨੂੰ ਛੂਹ ਕੇ ਲੰਘ ਗਿਆ ਤਾਂ ਪੁਲੀਸ ਨੇ ਜਵਾਬੀ ਫਾਇਰ ਕੀਤਾ ਜੋ ਰਾਮਜੋਤ ਸਿੰਘ ਦੀ ਲੱਤ ਵਿੱਚ ਲਗਾ। ਉਸ ਨੂੰ ਜ਼ਖ਼ਮੀ ਹਾਲਾਤ ਵਿੱਚ ਗ੍ਰਿਫ਼ਤਾਰ ਕਰਕੇ ਹਸਪਤਾਲ ਦਾਖ਼ਲ ਕਰਵਾ ਦਿੱਤਾ ਹੈ। ਪੁਲੀਸ ਨੇ ਇਸ ਸਮੇਂ ਮੌਕੇ ਤੋਂ 32 ਬੋਰ ਦਾ ਪਿਸਤੌਲ ਅਤੇ ਕਾਰਤੂਸ ਬਰਾਮਦ ਕੀਤੇ।