ਭਾਸ਼ਾ ਵਿਭਾਗ ਦਾ ਤਿੰਨ ਦਿਨਾ ਨਾਟ ਉਤਸਵ ਸਮਾਪਤ
ਭਾਸ਼ਾ ਵਿਭਾਗ ਵੱਲੋਂ ਇੱਥੇ ਕਰਵਾਇਆ ਜਾ ਰਿਹਾ ਤਿੰਨ ਰੋਜ਼ਾ ਰਾਜ ਪੱਧਰੀ ਨਾਟ ਉਤਸਵ, ਨਾਟਕ ‘-00000’ ਦੇ ਮੰਚਨ ਨਾਲ ਸਮਾਪਤ ਹੋ ਗਿਆ। ਜੱਸੀ ਜਸਪ੍ਰੀਤ ਦੇ ਲਿਖੇ ਇਸ ਨਾਟਕ ਨੂੰ ‘ਨਾਟਿਅਮ’ ਦੀ ਟੀਮ ਨੇ ਕੀਰਤੀ ਕਿਰਪਾਲ ਦੀ ਨਿਰਦੇਸ਼ਨਾ ਹੇਠ ਖੇਡਿਆ। ਇਸ ਵਿਅੰਗ ਨਾਟਕ ਨੇ ਦਰਸ਼ਕਾਂ ਨੂੰ ਬਾਹਰੋਂ ਸ਼ਾਂਤੀ ਲੱਭਣ ਦੀ ਬਜਾਇ ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਤਿਆਗ ਕੇ ਆਪਣੇ ਅੰਤਰ ਮਨ ’ਚੋਂ ਸ਼ਾਂਤੀ ਲੱਭਣ ਲਈ ਪ੍ਰੇਰਿਆ। ਨਾਟਕ ਦੀ ਪੇਸ਼ਕਾਰੀ ਦੌਰਾਨ ਹਾਲ ਲਗਾਤਾਰ ਹਾਸਿਆਂ ਅਤੇ ਤਾੜੀਆਂ ਨਾਲ ਗੂੰਜਦਾ ਰਿਹਾ। ਗੁਰਨੂਰ ਸਿੰਘ ਨੇ ਡਾ. ਦਿਲਦਾਰ ਸਿੰਘ ਅਤੇ ਜ਼ਿਲ੍ਹਾ ਭਾਸ਼ਾ ਅਫ਼ਸਰ ਕੀਰਤੀ ਕਿਰਪਾਲ ਨੇ ਪੁਲੀਸ ਵਾਲੇ ਦਾ ਕਿਰਦਾਰ ਨਿਭਾਇਆ। ਮੇਲੇ ਦੇ ਸਮਾਪਨ ਸਮਾਰੋਹ ’ਚ ਨਗਰ ਨਿਗਮ ਬਠਿੰਡਾ ਦੇ ਮੇਅਰ ਪਦਮਜੀਤ ਮਹਿਤਾ, ਨਿਊਰੋ ਸਰਜਨ ਡਾ. ਅਸ਼ਵਨੀ ਗਰੋਵਰ, ਡਾ. ਜੋਤੀ ਭੱਲਾ ਅਤੇ ਬਬੀਤਾ ਮਹਿਤਾ ਨੇ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ। ਜ਼ਿਲ੍ਹਾ ਭਾਸ਼ਾ ਅਧਿਕਾਰੀ ਕੀਰਤੀ ਕਿਰਪਾਲ ਨੇ ਮਹਿਮਾਨਾਂ ਨੂੰ ‘ਜੀ ਆਇਆਂ’ ਆਖਿਆ। ‘ਨਾਟਿਅਮ’ ਦੇ ਪ੍ਰਧਾਨ ਰਿੰਪੀ ਕਾਲੜਾ ਨੇ ਕਿਹਾ ਕਿ ਬਠਿੰਡਾ ਦੇ ਦਰਸ਼ਕਾਂ ਦੇ ਰੰਗਮੰਚ ਪ੍ਰਤੀ ਪਿਆਰ ਸਦਕਾ ਭਾਸ਼ਾ ਵਿਭਾਗ ਪੰਜਾਬ ਦਾ ਰਾਜ ਪੱਧਰੀ ਨਾਟਕ ਮੇਲਾ ਹਰ ਸਾਲ ਇਸੇ ਸ਼ਹਿਰ ਨੂੰ ਮਿਲਦਾ ਹੈ ਅਤੇ ਉਮੀਦ ਹੈ ਕਿ ਇਹ ਪਿਆਰ ਅੱਗੇ ਤੋਂ ਵੀ ਬਰਕਰਾਰ ਰਹੇਗਾ।
ਅੰਤ ਵਿੱਚ ਭਾਸ਼ਾ ਵਿਭਾਗ ਦੇ ਸਹਾਇਕ ਡਾਇਰੈਕਟਰ ਤੇਜਿੰਦਰ ਗਿੱਲ ਅਤੇ ਖੋਜ ਅਫ਼ਸਰ ਨਵਪ੍ਰੀਤ ਸਿੰਘ ਨੇ ਦਰਸ਼ਕਾਂ ਦਾ ਧੰਨਵਾਦ ਕੀਤਾ। ਜ਼ਿਲ੍ਹਾ ਭਾਸ਼ਾ ਦਫ਼ਤਰ ਬਠਿੰਡਾ ਦੇ ਵਿਕਰੀ ਕੇਂਦਰ ਦੇ ਇੰਚਾਰਜ ਸੁਖਮਨੀ ਸਿੰਘ ਵੱਲੋਂ ਲਾੲਂ ਗਈ ਪੁਸਤਕ ਪ੍ਰਦਰਸ਼ਨੀ ਖਿੱਚ ਦਾ ਕੇਂਦਰ ਬਣੀ ਰਹੀ। ਮੰਚ ਸੰਚਾਲਨ ਡਾ. ਸੰਦੀਪ ਮੋਹਲਾਂ ਨੇ ਕੀਤਾ।
