ਧਨਤੇਰਸ ਮੌਕੇ ਏਮਸ ਵੱਲੋਂ ਤਿੰਨ ਵੱਡੇ ਐਲਾਨ
ਧਨ ਤੇਰਸ ਦੇ ਪਵਿੱਤਰ ਮੌਕੇ ’ਤੇ ਏਮਸ ਬਠਿੰਡਾ ਵੱਲੋਂ ਲੋਕਾਂ ਦੀ ਸਿਹਤ ਸਹੂਲਤਾਂ ਨੂੰ ਹੋਰ ਮਜ਼ਬੂਤ ਬਣਾਉਂਦੇ ਹੋਏ ਤਿੰਨ ਮਹੱਤਵਪੂਰਨ ਐਲਾਨ ਕੀਤੇ ਗਏ। ਹਸਪਤਾਲ ਦੇ ਡਾਇਰੈਕਟਰ ਪ੍ਰੋ. ਡਾ. ਰਤਨ ਗੁਪਤਾ ਨੇ ਆਪਣੇ ਸੀਨੀਅਰ ਡਾਕਟਰਾਂ ਨਾਲ ਪ੍ਰੈੱਸ ਕਾਨਫਰੰਸ ਕਰਦਿਆਂ ਕਿਹਾ ਕਿ ਵਧ ਰਹੀ ਐਮਰਜੈਂਸੀ ਦੀ ਲੋੜ ਨੂੰ ਧਿਆਨ ਵਿੱਚ ਰੱਖਦਿਆਂ ਐਮਰਜੈਂਸੀ ਬੈੱਡਾਂ ਦੀ ਗਿਣਤੀ ਵਧਾਈ ਗਈ ਹੈ, ਤਾਂ ਜੋ ਕਿਸੇ ਮਰੀਜ਼ ਨੂੰ ਇਲਾਜ ਲਈ ਇੰਤਜ਼ਾਰ ਨਾ ਕਰਨਾ ਪਵੇ।
ਉਨ੍ਹਾਂ ਦੱਸਿਆ ਕਿ ਟਰੌਮਾ ਮਰੀਜ਼ਾਂ ਲਈ ਨਵੇਂ ਬੈੱਡ ਅਤੇ ਵਿਸ਼ੇਸ਼ ਡਾਕਟਰੀ ਟੀਮਾਂ ਦੀ ਤਾਇਨਾਤੀ ਕੀਤੀ ਗਈ ਹੈ, ਜਿਸ ਨਾਲ ਗੰਭੀਰ ਹਾਦਸਿਆਂ ਦੇ ਮਰੀਜ਼ਾਂ ਨੂੰ ਤੁਰੰਤ ਮੈਡੀਕਲ ਸਹਾਇਤਾ ਮਿਲ ਸਕੇਗੀ। ਡਾ. ਗੁਪਤਾ ਨੇ ਕਿਹਾ ਕਿ ਮਾਲਵਾ ਖੇਤਰ ਦੇ ਨਾਲ ਨਾਲ ਹਰਿਆਣਾ, ਰਾਜਸਥਾਨ ਤੇ ਹੋਰ ਨੇੜਲੇ ਰਾਜਾਂ ਤੋਂ ਵੀ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ, ਜਿਸ ਨੂੰ ਦੇਖਦਿਆਂ ਹਸਪਤਾਲ ਵਿੱਚ ਨਵੇਂ ਵਾਰਡ, ਬੈੱਡ ਅਤੇ ਡਾਕਟਰੀ ਸਟਾਫ਼ ਜੋੜਿਆ ਗਿਆ ਹੈ। ਉਨ੍ਹਾਂ ਭਰੋਸਾ ਦਵਾਇਆ ਕਿ ਆਉਣ ਵਾਲੇ ਦਿਨਾਂ ਵਿੱਚ ਏਮਸ ਬਠਿੰਡਾ ਵਿੱਚ ਹੋਰ ਵੀ ਆਧੁਨਿਕ ਸਹੂਲਤਾਂ ਜੋੜੀਆਂ ਜਾਣਗੀਆਂ, ਤਾਂ ਜੋ ਲੋਕਾਂ ਨੂੰ ਵਿਸ਼ਵ ਪੱਧਰੀ ਸਿਹਤ ਸੇਵਾਵਾਂ ਮਿਲ ਸਕਣ। ਉਨ੍ਹਾਂ ਵਿਸ਼ੇਸ ਐਲਾਨ ਕੀਤਾ ਕਿ ਹਸਪਤਾਲ ਦੀ ਵਿਲੱਖਣ ਪਹਿਲ ਦੇ ਤਹਿਤ ਸਮੇਂ ਤੋਂ ਪਹਿਲਾਂ ਜੰਮੇ ਬੱਚਿਆਂ ਲਈ ਨਵਾਂ ਵਿਸ਼ੇਸ਼ ਵਾਰਡ ਸਥਾਪਤ ਕੀਤਾ ਗਿਆ ਹੈ, ਜਿਸ ਵਿੱਚ ਆਧੁਨਿਕ ਮਸ਼ੀਨਰੀ ਜੋੜੀ ਗਈ ਹੈ ਅਤੇ ਪਹਿਲੀ ਵਾਰ ਅਜਿਹੇ ਬੱਚਿਆਂ ਨੂੰ ਉਨ੍ਹਾਂ ਦੀਆਂ ਮਾਵਾਂ ਦੇ ਨਾਲ ਰੱਖਣ ਦੀ ਵਿਵਸਥਾ ਕੀਤੀ ਗਈ ਹੈ। ਇਸ ਮੌਕੇ ਡਾ. ਰਮਨਦੀਪ ਕੌਰ, ਅਸਿਸਟੈਂਟ ਪ੍ਰੋਫੈਸਰ (ਨੈਰੋਟੋਲੋਜੀ ਵਿਭਾਗ) ਨੇ ਕਿਹਾ ਕਿ ਸੰਸਾਰ ਭਰ ਵਿੱਚ ਸਭ ਤੋਂ ਵੱਧ ਸਮੇਂ ਤੋਂ ਪਹਿਲਾਂ ਜੰਮੇ ਬੱਚੇ ਭਾਰਤ ਵਿੱਚ ਪੈਦਾ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ ਏਮਸ ਵੱਲੋਂ ਬਣਾਇਆ ਗਿਆ ਇਹ ਨਵਾਂ ਪ੍ਰਬੰਧ ਦੇਸ਼ ਪੱਧਰ ’ਤੇ ਇੱਕ ਮਿਸਾਲ ਹੈ।