ਨਾਬਾਲਗ ਨਾਲ ਜਬਰ-ਜਨਾਹ ਮਾਮਲੇ ’ਚ ਤਿੰਨ ਗ੍ਰਿਫ਼ਤਾਰ
ਇਥੋਂ ਦੇ ਬਰਨਾਲਾ ਰੋਡ ’ਤੇ ਸਥਿਤ ਇਕ ਹੋਟਲ ’ਚ ਇਕ ਨਾਬਾਲਗ ਨਾਲ ਹੋਏ ਜਬਰ-ਜਨਾਹ ਦਾ ਪੁਲੀਸ ਨੇ ਖੁਲਾਸਾ ਕੀਤਾ ਹੈ। ਇਸ ਮਾਮਲੇ ਵਿੱਚ ਇਕ ਮਹਿਲਾ ਸਮੇਤ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਾਜ਼ਮਾਂ ਦੀ ਪਛਾਣ ਮਨੋਜ, ਕੀਰਤ ਸਿੰਘ ਅਤੇ ਪੂਜਾ ਵਜੋਂ ਕੀਤੀ ਗਈ ਹੈ। ਡੀਐੱਸਪੀ ਰਾਜੇਸ਼ ਕੁਮਾਰ ਨੇ ਦੱਸਿਆ ਕਿ ਫਤਿਹਾਬਾਦ ਦੀ ਰਹਿਣ ਵਾਲੀ ਇਕ ਨਾਬਾਲਗ ਲੜਕੀ ਨੂੰ ਮੁਲਜ਼ਮ ਪੂਜਾ ਨੇ ਬਿਊਟੀ ਪਾਰਲਰ ਦਾ ਕੰਮ ਦਿਵਾਉਣ ਦੇ ਬਹਾਨੇ ਵਰਗਲਾ ਲਿਆ। ਲੜਕੀ ਨੂੰ ਮਨੋਜ ਦੇ ਹਵਾਲੇ ਕਰ ਦਿੱਤਾ ਗਿਆ। ਮੁਲਜ਼ਮ ਨਾਬਾਲਗ ਨੂੰ ਬਰਨਾਲਾ ਰੋਡ ਸਥਿਤ ਇਕ ਹੋਟਲ ’ਚ ਲੈ ਗਿਆ ਜਿਥੇ ਕਥਿਤ ਤੌਰ ’ਤੇ ਉਸ ਨਾਲ ਜਬਰ-ਜਨਾਹ ਕੀਤਾ ਗਿਆ। ਲੜਕੀ ਨੇ ਘਟਨਾ ਦੀ ਜਾਣਕਾਰੀ ਆਪਣੇ ਮਾਪਿਆਂ ਨੂੰ ਦਿੱਤੀ ਜਿਸ ਮਗਰੋਂ ਨਾਬਾਲਗ ਦੀ ਮਾਂ ਦੀ ਸ਼ਿਕਾਇਤ ’ਤੇ ਕੇਸ ਦਰਜ ਕੀਤਾ ਗਿਆ। ਡੀਐੱਸਪੀ ਨੇ ਦੱਸਿਆ ਹੈ ਕਿ ਇਸ ਮਾਮਲੇ ’ਚ ਹੋਟਲ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਮਗਰੋਂ ਅਗਰ ਹੋਟਲ ਮਾਲਕ ਇਸ ਮਾਮਲੇ ਵਿੱਚ ਸ਼ਾਮਲ ਹੋਇਆ ਤਾਂ ਉਸ ਖ਼ਿਲਾਫ਼ ਵੀ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਡੀਐੱਸਪੀ ਨੇ ਦੱਸਿਆ ਕਿ ਮੁਲਜ਼ਮ ਪੂਜਾ ਨਸ਼ੇ ਦੀ ਆਦੀ ਹੈ ਅਤੇ ਨਸ਼ੇ ਦੀ ਪੂਰਤੀ ਲਈ ਉਹ ਪਿਛਲੇ ਚਾਰ ਮਹੀਨਿਆਂ ਤੋਂ ਦੇਹ ਵਪਾਰ ਦਾ ਧੰਦਾ ਚਲਾ ਰਹੀ ਸੀ। ਡੀਐੱਸਪੀ ਨੇ ਦੱਸਿਆ ਹੈ ਕਿ ਪੂਰੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਇਸ ਮਾਮਲੇ ਵਿੱਚ ਸ਼ਾਮਲ ਹੋਰ ਲੋਕਾਂ ਦਾ ਪਤਾ ਲਾ ਕੇ ਉਨ੍ਹਾਂ ਖ਼ਿਲਾਫ਼ ਵੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।