ਉਦਘਾਟਨ ਕਰਨ ਵਾਲੇ ਲੋਕਾਂ ਦੀ ਸਾਰ ਨਹੀਂ ਲੈ ਰਹੇ: ਹਰਸਿਮਰਤ
ਬਠਿੰਡਾ ਲੋਕ ਸਭਾ ਹਲਕੇ ਤੋਂ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਪੰਜਾਬ ਦੇ ਲੋਕ ਹੜ੍ਹਾਂ ਵਿੱਚ ਡੁੱਬੇ ਪਏ ਹਨ, ਪਰ ਪੰਜਾਬ ਅਤੇ ਕੇਂਦਰ ਸਰਕਾਰ ਘੂਕ ਸੁੱਤੀਆਂ ਪਈਆਂ ਹਨ। ਉਨ੍ਹਾਂ ਕਿਹਾ ਕਿ ਹੁਣ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਕੇਜਰੀਵਾਲ ਪੰਜਾਬ ਦੇ ਲੋਕਾਂ ਦਾ ਪਤਾ ਲੈਣ ਲਈ ਕਿਉਂ ਨਹੀਂ ਆ ਰਹੇ ਹਨ, ਜਦੋਂ ਕਿ ਪਹਿਲਾਂ ਉਦਘਾਟਨ ਕਰਨ ਵੇਲੇ ਸਭ ਤੋਂ ਮੂਹਰੇ ਖੜ੍ਹੇ ਰਹਿੰਦੇ ਸਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਤੋਂ ਅਜੇ ਤੱਕ ਹੜ੍ਹ ਪੀੜਤ ਲੋਕਾਂ ਲਈ ਇੱਕ ਹੈਲਪ ਲਾਈਨ ਨੰਬਰ ਜਾਰੀ ਨਹੀਂ ਹੋ ਸਕਿਆ, ਜੋ ਸਭ ਤੋਂ ਪਹਿਲਾਂ ਹੋਣਾ ਚਾਹੀਦਾ ਸੀ। ਉਹ ਅੱਜ ਭੀਖੀ ਇਲਾਕੇ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਦੇ ਲੋਕਾਂ ਨੂੰ ਬਚਾਉਣ ਲਈ ਤੁਰੰਤ ਇੱਥੇ ਫੌਜ ਭੇਜਣ, ਜਿਵੇਂ ਉਹ ਦੂਸਰੇ ਰਾਜਾਂ ਵਿੱਚ ਅਕਸਰ ਭੇਜਦੇ ਹੁੰਦੇ ਹਨ। ਹੜ੍ਹਾਂ ਦੀ ਮਾਰ ਹੇਠ ਆਏ ਮਾਨਸਾ ਜ਼ਿਲ੍ਹੇ ਦੇ ਕਸਬਾ ਭੀਖੀ ਦੇ ਪਿੰਡਾਂ ਦਾ ਦੌਰਾ ਕਰਦਿਆਂ ਹਰਸਿਮਰਤ ਬਾਦਲ ਨੇ ਕਿਹਾ ਕਿ ਇਹ ਹੜ੍ਹ ਕੁਦਰਤੀ ਘੱਟ ਅਤੇ ਪੰਜਾਬ ਸਰਕਾਰ ਦੀ ਨਿਲਾਇਕੀ ਜ਼ਿਆਦਾ ਹਨ।