ਠੀਕਰੀਵਾਲਾ ਨੇ ਜਿੱਤਿਆ ਬਰਨਾਲਾ ਫੁਟਬਾਲ ਕੱਪ
ਸਥਾਨਕ ਬਾਬਾ ਕਾਲਾ ਮਹਿਰ ਸਟੇਡੀਅਮ ਵਿੱਚ ਯੂਨਾਈਟਡ ਫੁਟਬਾਲ ਕਲੱਬ ਬਰਨਾਲਾ ਵੱਲੋਂ ਕਰਵਾਇਆ ਤਿੰਨ ਰੋਜ਼ਾ 15ਵਾਂ ਸਾਲਾਨਾ ਫੁਟਬਾਲ ਕੱਪ 2025 ਸਮਾਪਤ ਹੋ ਗਿਆ।
ਕਲੱਬ ਦੇ ਪ੍ਰਧਾਨ ਵਰਿੰਦਰ ਜਿੰਦਲ ਤੇ ਜਨਰਲ ਸਕੱਤਰ ਰੁਪਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਸੀਨੀਅਰ ਵਰਗ ’ਚ ਠੀਕਰੀਵਾਲਾ ਨੇ ਜਿੱਤ ਹਾਸਲ ਕਰਦਿਆਂ ਪਹਿਲਾ ਨਗਦ ਇਨਾਮ 51,000 ਹਾਸਲ ਕੀਤਾ ਜਦੋਂਕਿ ਕਾਲੇਕੇ ਨੇ ਦੂਜਾ ਸਥਾਨ ਪ੍ਰਾਪਤ ਕਰ ਕੇ 41,000 ਦੀ ਇਨਾਮੀ ਰਕਮ ਪ੍ਰਾਪਤ ਕੀਤੀ। ਯੂਨਾਈਟਿਡ ਫੁਟਬਾਲ ਕਲੱਬ ਬਰਨਾਲਾ ਅਤੇ ਤਲਵੰਡੀ ਸਾਹਿਬ ਸਾਂਝੇ ਰੂਪ ਵਿੱਚ ਤੀਜੇ ਸਥਾਨ ’ਤੇ ਰਹੇ। ਅੰਡਰ-14 ਟੂਰਨਾਮੈਂਟ ਵਿੱਚ ਕੋਚਿੰਗ ਸੈਂਟਰ ਮਾਨਸਾ ਨੇ ਪਹਿਲਾ ਅਤੇ ਭੋਗੀਵਾਲ ਨੇ ਦੂਜਾ ਸਥਾਨ ਹਾਸਲ ਕੀਤਾ। ਸੀਨੀਅਰ ਵਰਗ ਵਿੱਚ 32 ਅਤੇ 14 ਸਾਲ ਸ਼੍ਰੇਣੀ ਵਿੱਚ 14 ਟੀਮਾਂ ਨੇ ਭਾਗ ਲਿਆ।
ਉਨ੍ਹਾਂ ਕਿਹਾ ਕਿ ਇਸ ਸਾਲ ਟੂਰਨਾਮੈਂਟ ਵਿੱਚ ਖਿਡਾਰੀਆਂ ਨੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ ਹੈ। ਜਨਰਲ ਸਕੱਤਰ ਰੂਪਿੰਦਰ ਬਾਜਵਾ ਨੇ ਕਿਹਾ ਕਿ ਨੌਜਵਾਨ ਖਿਡਾਰੀਆਂ ਦੀ ਤਕਨੀਕੀ ਸਮਝ ਅਤੇ ਮੈਦਾਨ ਵਿੱਚ ਉੱਭਰਿਆ ਹੁਨਰ ਇਸ ਖੇਤਰ ਦੇ ਭਵਿੱਖ ਦੀ ਪਛਾਣ ਹੈ।
ਕੋਚ ਤੇਜਿੰਦਰ ਮੱਲ੍ਹੀ ਅਤੇ ਬਲਜਿੰਦਰ ਬੱਲੀ ਨੇ ਕਿਹਾ ਕਿ ਖਿਡਾਰੀਆਂ ਨੇ ਅਨੁਸ਼ਾਸਿਤ ਖੇਡ, ਤਕਨੀਕੀ ਤਿਆਰੀ ਅਤੇ ਟੀਮ ਦੀ ਭਾਵਨਾ ਦਾ ਵਧੀਆ ਪ੍ਰਦਰਸ਼ਨ ਕੀਤਾ। ਪ੍ਰਬੰਧਕੀ ਟੀਮ ਨੇ ਗੁਰਦੁਆਰਾ ਬਾਬਾ ਕਾਲਾ ਮਹਿਰ ਕਮੇਟੀ, ਪਰਵਾਸੀ ਪੰਜਾਬੀਆਂ ਅਤੇ ਇਲਾਕਾ ਵਾਸੀਆਂ ਵੱਲੋਂ ਮਿਲੇ ਸਹਿਯੋਗ ਲਈ ਧੰਨਵਾਦ ਕੀਤਾ।
ਪ੍ਰੋਮੋਟਰ ਅਮਨ ਬਾਜਵਾ ਅਤੇ ਬਲਜੀਤ ਸਿੰਘ ਬਾਜਵਾ ਨੇ ਕਿਹਾ ਕਿ ਆਉਂਦੇ ਸਾਲਾਂ ਵਿੱਚ ਖੇਡ ਮੁਕਾਬਲੇ ਨੂੰ ਹੋਰ ਵੱਡੇ ਪੱਧਰ ’ਤੇ ਕਰਵਾਇਆ ਜਾਵੇਗਾ।
