ਤਪਾ ’ਚ ਚੋਰਾਂ ਨੇ ਇਕੋ ਰਾਤ ’ਚ ਪੰਜ ਦੁਕਾਨਾਂ ਦੇ ਤਾਲੇ ਤੋੜੇ
ਜਿੱਥੇ ਇੱਕ ਪਾਸੇ ਪੁਲੀਸ ਵੱਲੋਂ ਤਿਉਹਾਰਾਂ ਦੇ ਮੱਦੇਨਜ਼ਰ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ, ਉੱਥੇ ਦੂਜੇ ਪਾਸੇ ਇਹ ਦਾਅਵੇ ਠੁੱਸ ਸਾਬਤ ਦਿਖਾਈ ਦੇ ਰਹੇ ਹਨ। ਕਿਉਂਕਿ ਤਿਉਹਾਰਾਂ ਦੇ ਮੱਦੇਨਜ਼ਰ ਚੋਰਾਂ ਦੇ ਹੌਸਲੇ ਇਸ ਕਦਰ ਬੁਲੰਦ ਹਨ ਕਿ ਉਹ ਕਿਸੇ ਡਰ ਤੋਂ ਬਗੈਰ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ। ਬੀਤੀ ਰਾਤ ਤਪਾ ਮੰਡੀ ਦੇ ਤਾਜੋ ਕੈਂਚੀਆਂ ‘ਤੇ ਸਥਿਤ ਦੁਕਾਨਾਂ ‘ਚ ਚੋਰਾਂ ਨੇ ਪੰਜ ਦੁਕਾਨਾਂ ਦੇ ਜਿੰਦਰੇ ਭੰਨ ਕੇ ਚੋਰੀ ਦਾ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਪੀੜਤ ਦੁਕਾਨ ਮਾਲਕਾਂ ਜਵਾਹਰ ਦਾਸ ਪੁੱਤਰ ਅਵਤਾਰ ਦਾਸ ਹਲਵਾਈ ਨੇ ਦੱਸਿਆ ਕਿ ਚੋਰ ਉਸਦੀ ਦੁਕਾਨ ਵਿਚੋਂ 500 ਰੁਪਏ ਅਤੇ ਨਮਕੀਨ ਮਟਰ, ਨੰਦ ਲਾਲ ਪੁੱਤਰ ਲਾਲ ਚੰਦ ਦੀ ਦੁਕਾਨ ਵਿਚੋਂ 1500 ਦੀ ਨਗਦੀ, ਦੇਵ ਪੁੱਤਰ ਉਧਮ ਹਲਵਾਈ ਦੀ ਦੁਕਾਨ ਵਿਚੋਂ 500 ਰੁਪਏ, ਸ਼ਾਮ ਸਿੰਘ ਪੁੱਤਰ ਮਿੱਠੂ ਸਿੰਘ ਦੀ ਦੁਕਾਨ ਵਿਚੋਂ 1000 ਰੁਪਏ ਅਤੇ ਤਰਸੇਮ ਲਾਲ ਪੁੱਤਰ ਫੂਲ ਚੰਦ ਦੀ ਫਰੂਟ ਦੁਕਾਨ ਦੇ ਸਿਰਫ ਜਿੰਦਰੇ ਹੀ ਭੰਨੇ ਹਨ। ਦੁਕਾਨਦਾਰਾਂ ਨੇ ਤੁਰੰਤ ਇਸ ਘਟਨਾ ਸਬੰਧੀ ਤਪਾ ਸਿਟੀ ਪੁਲੀਸ ਨੂੰ ਸੂਚਨਾ ਦਿੱਤੀ। ਉਨ੍ਹਾਂ ਪੁਲੀਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕਰਦਿਆਂ ਕਿਹਾ ਕਿ ਰਾਤ ਸਮੇਂ ਇਲਾਕੇ ਅੰਦਰ ਪੁਲਿਸ ਦੀ ਗਸ਼ਤ ਵਧਾਈ ਜਾਵੇ ਤਾਂ ਜੋ ਸਮਾਜ ਵਿਰੋਧੀ ਅਨਸਰਾਂ ‘ਚ ਪੁਲਿਸ ਦਾ ਡਰ ਬਣਿਆ ਰਹੇ। ਇਲਾਕੇ ਅੰਦਰ ਵਾਪਰ ਰਹੀਆਂ ਚੋਰੀ ਦੀਆਂ ਘਟਨਾਵਾਂ ਨੂੰ ਲੈ ਕੇ ਸ਼ਹਿਰ ਵਾਸੀਆਂ ‘ਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ।