ਆਧੁਨਿਕ ਪਬਲਿਕ ਲਾਇਬ੍ਰੇਰੀ ਖੁੱਲ੍ਹਣ ਦੀ ਉਡੀਕ ਹੋਈ ਲੰਬੀ
ਇੱਥੇ ਆਧੁਨਿਕ ਪਬਲਿਕ ਲਾਇਬ੍ਰੇਰੀ ਕਾਫੀ ਸਮਾਂ ਪਹਿਲਾਂ ਬਣ ਕੇ ਤਿਆਰ ਹੋ ਚੁੱਕੀ ਹੈ, ਪਰ ਇਹ ਪਾਠਕਾਂ ਲਈ ਅਧਿਕਾਰਤ ਤੌਰ ’ਤੇ ਖੁੱਲ੍ਹਣ ਦੀ ਉਡੀਕ ਕਰ ਰਹੀ ਹੈ। ‘ਪੰਜਾਬੀ ਟ੍ਰਿਬਿਊਨ’ ਨੇ ਜਦੋਂ ਦੌਰਾ ਕੀਤਾ ਤਾਂ ਇੱਥੇ ਡੈਮੋ ਕਲਾਸਾਂ ਚੱਲ ਰਹੀਆਂ ਸਨ ਅਤੇ ਵਿਦਿਆਰਥੀ ਹਾਜ਼ਰੀ ਭਰ ਰਹੇ ਸਨ, ਪਰ ਇਸਦਾ ਰਸਮੀ ਉਦਘਾਟਨ ਅਜੇ ਨਹੀਂ ਹੋ ਸਕਿਆ। ਸੂਤਰਾਂ ਮੁਤਾਬਕ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਸ ਦਾ ਉਦਘਾਟਨ ਕਰ ਸਕਦੇ ਹਨ। ਉਸ ਤੋਂ ਬਾਅਦ ਹੀ ਇਹ ਲਾਇਬ੍ਰੇਰੀ ਆਮ ਪਾਠਕਾਂ ਲਈ ਖੁੱਲੇਗੀ। ਸਾਲ 2021 ਵਿੱਚ ਇਸ ਸਟੇਟ ਆਫ਼ ਦਿ ਆਰਟ ਪਬਲਿਕ ਲਾਇਬ੍ਰੇਰੀ ਦਾ ਨੀਂਹ ਪੱਥਰ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਰੱਖਿਆ ਗਿਆ ਸੀ। ਦੋ ਸਾਲਾਂ ਵਿੱਚ ਤਿਆਰ ਹੋਈ ਇਹ ਇਮਾਰਤ ਸਿਵਲ ਸਟੇਸ਼ਨ ਨੇੜੇ ਸਿਟੀ ਸੈਂਟਰ ਮਾਲ ਵਿੱਚ 1.26 ਏਕੜ ਖੇਤਰ ਵਿੱਚ ਬਣਾਈ ਗਈ ਹੈ। ਲਾਇਬ੍ਰੇਰੀਅਨ ਸਵਰਨਜੀਤ ਕੌਰ ਨੇ ਦੱਸਿਆ ਕਿ ਇਹ ਲਾਇਬ੍ਰੇਰੀ 21,000 ਤੋਂ ਵੱਧ ਕਿਤਾਬਾਂ ਨਾਲ ਲੈਸ ਹੈ। ਬਠਿੰਡਾ ਦੇ ਇੱਕ ਪਿੰਡ ਦੇ ਵਿਦਿਆਰਥੀ ਨੇ ਦੱਸਿਆ ਕਿ ਇਹ ਲਾਇਬ੍ਰੇਰੀ ਜਲਦ ਖੋਲ੍ਹੀ ਜਾਵੇ ਤਾਂ ਜੋ ਹੋਰ ਵਿਦਿਆਰਥੀ ਲਾਭ ਲੈ ਸਕਣ।