ਵਿਧਾਇਕ ਦਹੀਆ ਤੇ ਚੇਅਰਮੈਨ ਕਲਸੀ ਦੀ ਖਿਚੋਤਾਣ ਜੱਗ-ਜਾਹਿਰ
ਹਲਕਾ ਫਿਰੋਜ਼ਪੁਰ ਦਿਹਾਤੀ ਦੇ ਵਿਧਾਇਕ ਰਜਨੀਸ਼ ਕੁਮਾਰ ਦਹੀਆ ਤੇ ਮਾਰਕੀਟ ਕਮੇਟੀ ਤਲਵੰਡੀ ਭਾਈ ਦੇ ਚੇਅਰਮੈਨ ਹਰਪ੍ਰੀਤ ਸਿੰਘ ਕਲਸੀ ਦੀ ਆਪਸੀ ਖਿਚੋਤਾਣ ਇੱਕ ਵਾਰ ਫਿਰ ਜੱਗ-ਜ਼ਾਹਿਰ ਹੋ ਗਈ ਹੈ। ਦੋਹਾਂ ਆਗੂਆਂ ਨੇ ਸਥਾਨਕ ਦਾਣਾ ਮੰਡੀ ਵਿੱਚ ਵੱਖੋ-ਵੱਖਰੇ ਤੌਰ ’ਤੇ ਝੋਨੇ ਦੀ ਖ਼ਰੀਦ ਸ਼ੁਰੂ ਕਰਵਾਈ। ਪਹਿਲਾਂ ਵੀ ਕਈ ਮੌਕਿਆਂ 'ਤੇ ਦੋਹਾਂ ਆਗੂਆਂ ਨੇ ਇੱਕ-ਦੂਜੇ ਤੋਂ ਦੂਰੀ ਬਣਾ ਕੇ ਰੱਖੀ ਹੈ। ਹਰਪ੍ਰੀਤ ਸਿੰਘ ਕਲਸੀ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿਘ ਬਰਸਟ ਦੀ ਸਿਫਾਰਸ਼ 'ਤੇ ਚੇਅਰਮੈਨ ਬਣੇ ਹਨ। ਵਿਧਾਇਕ ਨੂੰ ਇਹ ਗਵਾਰਾ ਨਹੀਂ ਹੈ। ਇਸ ਮੌਕੇ ਜ਼ਿਲ੍ਹਾ ਮੰਡੀ ਅਫਸਰ ਜਸ਼ਨਪ੍ਰੀਤ ਸਿੰਘ, ਤਲਵੰਡੀ ਭਾਈ ਦੇ ਸਕੱਤਰ ਹਰਦੀਪ ਸਿੰਘ ਬਰਸਾਲ, ਜ਼ਿਲ੍ਹਾ ਫੂਡ ਸਪਲਾਈ ਅਫ਼ਸਰ ਜਤਿਨ ਵਰਮਾ, ਵੇਅਰ ਹਾਊਸ ਤੇ ਪਨਗ੍ਰੇਨ ਦੇ ਖਰੀਦ ਨਿਰੀਖਕ ਮਲਕੀਤ ਸਿੰਘ ਤੇ ਯੋਗਰਾਜ ਗਰਗ, ਆੜ੍ਹਤੀ ਯੂਨੀਅਨ ਦੇ ਪ੍ਰਧਾਨ ਗੁਰਜੰਟ ਸਿੰਘ ਢਿੱਲੋਂ, ਰੂਪ ਲਾਲ ਵੱਤਾ, ਸਿਦਕਜੋਤ ਸਿੰਘ ਤੇ ਡਾ. ਓਮ ਪ੍ਰਕਾਸ਼ ਸੇਠੀ ਆਦਿ ਵੀ ਮੌਜੂਦ ਰਹੇ। ਚੇਅਰਮੈਨ ਤੇ ਵਿਧਾਇਕ ਨੇ ਕਿਸਾਨਾਂ, ਆੜ੍ਹਤੀਆਂ ਤੇ ਮਜਦੂਰਾਂ ਦਾ ਮੂੰਹ ਮਿੱਠਾ ਕਰਵਾ ਕੇ ਝੋਨੇ ਦੀ ਖਰੀਦ ਸ਼ੁਰੂ ਕਰਵਾਈ। ਆੜ੍ਹਤੀਆ ਐਸੋਸੀਏਸ਼ਨ ਵੱਲੋਂ ਪੰਜਾਬ ਸਰਕਾਰ ਦੇ 'ਮਿਸ਼ਨ ਚੜ੍ਹਦੀ ਕਲਾ' ਲਈ ਰਾਹਤ ਰਾਸ਼ੀ ਦਾ ਚੈੱਕ ਵੀ ਵਿਧਾਇਕ ਦਹੀਆ ਨੂੰ ਭੇਟ ਕੀਤਾ ਗਿਆ।
ਵਿਧਾਇਕ ਨੇ ਸੁਨੇਹਾ ਨਹੀਂ ਦਿੱਤਾ: ਚੇਅਰਮੈਨਚੇਅਰਮੈਨ ਕਲਸੀ ਦਾ ਕਹਿਣਾ ਹੈ ਕਿ ਵਿਧਾਇਕ ਵੱਲੋਂ ਉਸ ਨੂੰ ਇਸ ਸਬੰਧੀ ਕੋਈ ਸੁਨੇਹਾ ਨਹੀਂ ਸੀ। ਉਸ ਦਾ ਪ੍ਰੋਗਰਾਮ ਪਹਿਲਾਂ ਤੋਂ ਤੈਅ ਸੀ।ਮੈਨੂੰ ਆਪਣੇ ਅਧਿਕਾਰਾਂ ਦਾ ਪਤਾ ਹੈ: ਵਿਧਾਇਕ
ਵਿਧਾਇਕ ਦਹੀਆ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਆਪਣੇ ਅਧਿਕਾਰਾਂ ਦਾ ਬਾਖ਼ੂਬੀ ਪਤਾ ਹੈ, ਉਹ ਕਿਸੇ ਹੋਰ ਦੇ ਅਧਿਕਾਰਾਂ ਵਿੱਚ ਦਖ਼ਲ ਨਹੀਂ ਦਿੰਦੇ।