ਬਲਾਕ ’ਚ ਬਣਨ ਵਾਲੀਆਂ ਸੜਕਾਂ ਵਿੱਚ ਸ਼ਹਿਣੇ ਦਾ ਨੰਬਰ ਨਹੀਂ
ਪੰਜਾਬ ਸਰਕਾਰ ਵੱਲੋਂ ਬਲਾਕ ਸ਼ਹਿਣਾ ਵਿੱਚ 14.56 ਕਰੋੜ ਰੁਪਏ ਦੀ ਲਾਗਤ ਨਾਲ 31 ਸੜਕਾਂ ਦੀ ਮੁਰੰਮਤ ਕੀਤੀ ਜਾਣੀ ਹੈ। ਲਗਪਗ 70 ਕਿਲੋਮੀਟਰ ਤੋਂ ਵੱਧ ਸੜਕਾਂ ਦੀ ਰਿਪੇਅਰ ਹੋਣੀ ਹੈ ਪਰ ਕਸਬੇ ਸ਼ਹਿਣੇ ਦੀ ਸਭ ਤੋਂ ਆਵਾਜਾਈ ਵਾਲੀ ਬੱਸ ਸਟੈਂਡ ਤੋਂ ਅਨਾਜ ਮੰਡੀ ਵਾਲੀ ਲਿੰਕ ਸੜਕ ਦਾ ਨੰਬਰ ਨਹੀਂ ਆਇਆ।
ਕਸਬੇ ਸ਼ਹਿਣੇ ਤੋਂ ਕਿਸਾਨ ਯੂਨੀਅਨ ਕਾਦੀਆਂ ਦੇ ਆਗੂ ਗੁਰਵਿੰਦਰ ਸਿੰਘ ਨਾਮਧਾਰੀ, ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਗੁਰਪ੍ਰੀਤ ਸਿੰਘ ਗਿੱਲ, ਕਾਲਾ ਸਿੰਘ ਉੱਪਲ, ਕਾਂਗਰਸੀ ਆਗੂ ਸੁਖਵਿੰਦਰ ਸਿੰਘ ਧਾਲੀਵਾਲ ਨੇ ਸਰਕਾਰ ਦੀ ਇਸ ‘ਪੱਖਪਾਤ’ ਦੀ ਨਿੰਦਾ ਕੀਤੀ।
ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਦੇ ਸਮੇਂ ਵਿੱਚ ਸਭ ਤੋਂ ਘੱਟ ਕੰਮ ਕਸਬਾ ਸ਼ਹਿਣਾ ਵਿੱਚ ਹੋਏ ਹਨ। ਜ਼ਿਕਰਯੋਗ ਹੈ ਕਿ ਇਸ ਸੜਕ ਤੇ ਦਰਜਨਾਂ ਦਫ਼ਤਰ ਪੈਂਦੇ ਹਨ ਅਤੇ ਹਜ਼ਾਰਾਂ ਹੀ ਵਹੀਕਲ ਲੰਘਦੇ ਹਨ ਪਰ ਇਸ ਸੜਕ ਵੱਲ ਕਿਸੇ ਦਾ ਧਿਆਨ ਨਹੀਂ ਹੈ। ਸਿਆਸਤਦਾਨ 18 ਫੁੱਟੀ ਸੜਕ ਬਣਾਉਣ ਦਾ ਲਾਰਾ ਲਾਉਂਦੇ ਰਹੇ। ਮੀਹਾਂ ਪਿੱਛੋਂ ਸੜਕ ਦੀ ਦੁਰਦਸ਼ਾ ਹੋਰ ਖ਼ਰਾਬ ਹੋ ਗਈ ਹੈ। ਬਲਾਕ ਸਮਿਤੀ ਅਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਵਿੱਚ ਇਸ ਸੜਕ ਦਾ ਮਸਲਾ ਭਖਣ ਦੀ ਸੰਭਾਵਨਾ ਹੈ।
