ਸ਼ਹਿਣਾ ’ਚ ਪਰਵਾਸੀਆਂ ਨੂੰ ਕਿਰਾਏ ’ਤੇ ਮਕਾਨ ਦੇਣ ਵਾਲਾ ਹੋਵੇਗਾ ਖੁਦ ਜ਼ਿੰਮੇਵਾਰ
ਗ੍ਰਾਮ ਪੰਚਾਇਤ ਸ਼ਹਿਣਾ ਨੇ ਪਰਵਾਸੀਆਂ ਨੂੰ ਲੈ ਕੇ ਸਖ਼ਤ ਫੈਸਲੇ ਲੈਂਦਿਆਂ ਮਤੇ ਪਾਏ ਹਨ। ਸਰਪੰਚ ਨਾਜ਼ਮ ਸਿੰਘ ਨੇ ਦੱਸਿਆ ਕਿ ਪਰਵਾਸੀਆਂ ਨੂੰ ਘਰ ਕਿਰਾਏ ’ਤੇ ਦੇਣ ਵਾਲੇ ਨੂੰ ਉਸ ਦੀ ਵੈਰੀਫਿਕੇਸ਼ਨ ਕਰਵਾਕੇ ਹਲਫ਼ੀਆ ਬਿਆਨ ਦੇਕੇ ਜ਼ਿੰਮੇਵਾਰੀ ਲੈਣੀ ਹੋਵੇਗੀ। ਕਿਰਾਏ ’ਤੇ ਘਰ ਦੇਣ ਵਾਲਾ ਮਾਲਕ, ਪਰਵਾਸੀ ਦੀ ਕਿਸੇ ਵੀ ਅਣਸੁਖਾਵੀਂ ਘਟਨਾ ਲਈ ਜ਼ਿੰਮੇਵਾਰ ਹੋਵੇਗਾ। ਇਸ ਲਈ ਕਿਰਾਏ ’ਤੇ ਘਰ ਦੇਣ ਵਾਲੇ ਨੂੰ ਅੱਠ ਦਿਨਾਂ ਦੀ ਸਮਾਂ ਦਿੱਤਾ ਗਿਆ ਹੈ।
ਸਰਪੰਚ ਨਾਜ਼ਮ ਸਿੰਘ ਨੇ ਦੱਸਿਆ ਕਿ ਪਰਵਾਸੀਆਂ ਦਾ ਆਧਾਰ ਕਾਰਡ ਅਤੇ ਵੋਟ ਕਾਰਡ ਵੀ ਨਹੀਂ ਬਣਾਏ ਜਾਣਗੇ। ਪਰਵਾਸੀਆਂ ਨੂੰ ਕੋਈ ਵੀ ਵਿਅਕਤੀ ਘਰ, ਦੁਕਾਨ ਨਹੀਂ ਵੇਚੇਗਾ। ਇਹ ਵੀ ਕਿਹਾ ਕਿ ਤਿਉਹਾਰਾਂ ਦੇ ਦਿਨਾਂ ਵਿੱਚ ਮਠਿਆਈਆਂ ਵਾਲਿਆਂ ਨੂੰ ਕਿਸੇ ਦੀ ਸਿਹਤ ਨਾਲ ਖਿਲਵਾੜ ਨਹੀਂ ਕਰਨ ਦਿੱਤਾ ਜਾਵੇਗਾ। ਪੰਚਾਇਤ ਵੱਲੋਂ ਨਜ਼ਰ ਰੱਖੀ ਜਾਵੇਗੀ ਜੇਕਰ ਕਿਸੇ ਵਿਅਕਤੀ ਨੂੰ ਮਠਿਆਈ ਸਬੰਧੀ ਕੋਈ ਸ਼ਿਕਾਇਤ ਮਿਲਦੀ ਹੈ ਤਾਂ ਉਹ ਤੁਰੰਤ ਪੰਚਾਇਤ ਦੇ ਧਿਆਨ ਵਿੱਚ ਲਿਆਵੇ, ਤੁਰੰਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਪੰਚ ਜੋਗਿੰਦਰ ਸਿੰਘ, ਪੰਚ ਗੁਰਮੁਖ ਸਿੰਘ, ਪੰਚ ਮਲਕੀਤ ਸਿੰਘ, ਪੰਚ ਡਾਕਟਰ ਮਨਪ੍ਰੀਤ ਸਿੰਘ ਪੀਤਾ, ਪੁੱਤਰੀ ਪਾਠਸ਼ਾਲਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਮਨੀ ਆੜਤੀਆਂ, ਸਾਬਕਾ ਸਰਪੰਚ ਜਤਿੰਦਰ ਸਿੰਘ ਖਹਿਰਾ, ਸਹਿਕਾਰੀ ਸਭਾ ਸੁਸਾਇਟੀ ਦੇ ਪ੍ਰਧਾਨ ਜੈ ਆਦਮ ਪ੍ਰਕਾਸ਼ ਸਿੰਘ, ਬੀਬੜੀਆ ਮਾਈਆਂ ਮੰਦਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਮਰੀਕ ਸਿੰਘ ਬੀਕਾ, ਆਮ ਆਦਮੀ ਪਾਰਟੀ ਦੇ ਆਗੂ ਯਾਦਵਿੰਦਰ ਸਿੰਘ ਵੈਦ ਹਾਜ਼ਰ ਸਨ।