ਨੀਮਲਾ ਤੇ ਕਾਸ਼ੀ ਦਾ ਬਾਸ ਦੇ ਲੋਕ ਸੁਸਰੀ ਨੇ ਸਤਾਏ
ਪਿੰਡ ਨੀਮਲਾ ਵਿੱਚ ਲਗਪਗ 80 ਏਕੜ ਵਿੱਚ ਬਣੇ ਸਰਕਾਰੀ ਗੋਦਾਮ ਵਿੱਚ ਵੱਡੀ ਗਿਣਤੀ ਵਿੱਚ ਸੁਸਰੀ ਪੈਦਾ ਹੋ ਜਾਣ ਕਾਰਨ ਨੀਮਲਾ ਅਤੇ ਕਾਸ਼ੀ ਦਾ ਬਾਸ ਪਿੰਡਾਂ ਦੇ ਲੋਕਾਂ ਨੂੰ ਇਨ੍ਹੀਂ ਦਿਨੀਂ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਜ ਲੋਕਾਂ ਨੇ ਏਲਨਾਬਾਦ ਦੇ ਐੱਸਡੀਐੱਮ ਨੂੰ ਮੰਗ ਪੱਤਰ ਸੌਂਪਿਆ ਹੈ ਅਤੇ ਸੁਸਰੀ ਤੋਂ ਛੁਟਕਾਰਾ ਦਿਵਾਉਣ ਦੀ ਮੰਗ ਕੀਤੀ ਹੈ। ਇਸ ਮੌਕੇ ਪਿੰਡ ਨੀਮਲਾ ਦੇ ਸਰਪੰਚ ਮਹੇਸ਼ ਕੁਮਾਰ ਕੰਡੇਲਾ, ਪਿੰਡ ਕਾਸ਼ੀ ਦਾ ਬਾਸ ਦੇ ਸਰਪੰਚ ਸ਼ੰਕਰ ਲਾਲ, ਪਾਲਾਰਾਮ, ਚੇਅਰਮੈਨ ਹੇਮਰਾਜ, ਨੰਬਰਦਾਰ ਰਣਵੀਰ ਸਿੰਘ, ਭੂਰਾ ਰਾਮ ਡੂਡੀ, ਹੰਸਰਾਜ ਸ਼ਰਮਾ, ਰਵਿੰਦਰ ਸੁਥਾਰ ਸਾਬਕਾ ਸਰਪੰਚ, ਐਡਵੋਕੇਟ ਓਪੀ ਬਾਲਾਨ, ਨੰਦ ਰਾਮ ਆਦਿ ਨੇ ਦੱਸਿਆ ਕਿ ਪਿੰਡ ਨੀਮਲਾ ਵਿੱਚ ਲਗਭਗ 80 ਏਕੜ ਵਿੱਚ ਬਣੇ ਸਰਕਾਰੀ ਗੋਦਾਮ ਵਿੱਚ ਲੱਖਾਂ ਬੋਰੀਆਂ ਕਣਕ ਅਤੇ ਝੋਨੇ ਦੀਆਂ ਰੱਖੀਆਂ ਹੋਈਆਂ ਹਨ ਅਤੇ ਹੁਣ ਬਰਸਾਤੀ ਮੌਸਮ ਕਾਰਨ ਇਸ ਵਿੱਚ ਵੱਡੀ ਗਿਣਤੀ ਵਿੱਚ ਸੁਸਰੀ ਪੈਦਾ ਹੋ ਗਈ ਹੈ ਜੋ ਹਵਾ ਚੱਲਦਿਆਂ ਹੀ ਪਿੰਡ ਨੀਮਲਾ ਅਤੇ ਕਾਸ਼ੀ ਦਾ ਬਾਸ ਦੇ ਘਰਾਂ ਵਿੱਚ ਲੱਖਾਂ ਦੀ ਸੰਖਿਆਂ ਵਿੱਚ ਪਹੁੰਚ ਗਈ ਹੈ। ਜਿਸ ਕਾਰਨ ਲੋਕਾਂ ਨੂੰ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਲੋਕਾਂ ਨੂੰ ਸਿਹਤ ਸੰਬੰਧੀ ਸਮੱਸਿਆਵਾਂ ਵੀ ਹੋ ਰਹੀਆਂ ਹਨ। ਲੋਕਾਂ ਨੇ ਐਸਡੀਐਮ ਏਲਨਾਬਾਦ ਤੋਂ ਮੰਗ ਪੱਤਰ ਰਾਹੀਂ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਇਸ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਇਆ ਜਾਵੇ।