ਹੜ੍ਹ ਪੀੜਤਾਂ ਦੀ ਹਰ ਪੱਖੋਂ ਮਦਦ ਕਰੇਗੀ ਜਥੇਬੰਦੀ: ਉਗਰਾਹਾਂ
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਪਿਛਲੀਆਂ ਹਕੂਮਤਾਂ ਅਤੇ ਮੌਜੂਦਾ ਸਰਕਾਰ ਦੀਆਂ ਨਾਕਾਮੀਆਂ ਕਾਰਨ ਪੰਜਾਬ ਵਿੱਚ ਹੜ੍ਹਾਂ ਦੇ ਪਾਣੀਆਂ ਨੇ ਵੱਡੀ ਪੱਧਰ ’ਤੇ ਤਬਾਹੀ ਮਚਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਹਜ਼ਾਰਾਂ ਘਰ ਢਹਿ ਗਏ ਹਨ, ਫ਼ਸਲਾਂ ਬਰਬਾਦ ਹੋ ਗਈਆਂ ਹਨ, ਮਨੁੱਖੀ ਜਾਨਾਂ ਅਤੇ ਪਸ਼ੂ ਧਨ ਦਾ ਵੱਡੀ ਪੱਧਰ ’ਤੇ ਨੁਕਸਾਨ ਹੋਇਆ ਹੈ, ਪਰ ਮੌਜੂਦਾ ਕੇਂਦਰ ਤੇ ਰਾਜ ਸਰਕਾਰ ਨੇ ਲੋੜ ਅਨੁਸਾਰ ਪੀੜਤ ਲੋਕਾਂ ਦੀ ਬਾਂਹ ਨਹੀਂ ਫੜੀ ਹੈ। ਉਹ ਅੱਜ ਮਾਨਸਾ ਨੇੜਲੇ ਪਿੰਡ ਕੋਟਲੱਲੂ ਵਿਖੇ ਜਥੇਬੰਦੀ ਦੇ ਜ਼ਿਲ੍ਹਾ ਪੱਧਰੀ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਸ੍ਰੀ ਉਗਰਾਹਾਂ ਨੇ ਦੋਸ਼ ਲਾਇਆ ਕਿ ਹੜ੍ਹਾਂ ਦੀ ਮਾਰ ਤੋਂ ਬਚਾਅ ਲਈ ਪੰਜਾਬ ਸਰਕਾਰ ਤੋਂ ਫੌਰੀ ਪ੍ਰਬੰਧ ਵੀ ਨਹੀਂ ਹੋਏ ਅਤੇ ਹੁਣ ਹੜ੍ਹਾਂ ਤੋਂ ਮਗਰੋਂ ਲੋਕਾਂ ਦੇ ਮੁੜ ਵਸੇਬੇ ਲਈ ਸਰਕਾਰੀ ਬੰਦੋਬਸ਼ਤ ਤਸੱਲੀ ਵਾਲੇ ਨਹੀਂ ਹਨ। ਜਥੇਬੰਦੀ ਦੇ ਸੂਬਾ ਪ੍ਰਧਾਨ ਜ਼ੋਗਿੰਦਰ ਸਿੰਘ ਉਗਰਾਹਾਂ ਨੇ ਆਪਣੀ ਤਕਰੀਰ ਦੌਰਾਨ ਕਿਹਾ ਕਿ ਯੂਨੀਅਨ ਹੜ੍ਹ ਪੀੜਤਾਂ ਦੀ ਹਰ ਪੱਖ ਤੋਂ ਮੱਦਦ ਖੁੱਲ੍ਹੇ ਦਿਲ ਨਾਲ ਕਰੇਗੀ। ਉਨ੍ਹਾਂ ਕਿਹਾ ਕਿ ਜਥੇਬੰਦੀ ਦੇ ਵਰਕਰ ਪਿੰਡਾਂ ਵਿੱਚੋਂ ਕਣਕ,ਤੂੜੀ,ਕੱਪੜੇ ਅਤੇ ਹੋਰ ਲੋੜੀਂਦਾ ਸਮਾਨ ਇੱਕਠਾ ਕਰਕੇ ਹੜ੍ਹ ਪੀੜਤ ਇਲਾਕਿਆਂ ਵਿੱਚ ਲੋੜਵੰਦਾਂ ਨੂੰ ਵੰਡੇਗੀ।
ਲੰਬੀ (ਇਕਬਾਲ ਸਿੰਘ ਸ਼ਾਂਤ): ਸੂਬੇ ਦੇ ਹੜ੍ਹ ਪੀੜਤ ਪਰਿਵਾਰਾਂ ਦੀ ਸਹਾਇਤਾ ਲਈ ਜਨਤਕ ਜਥੇਬੰਦੀਆਂ ਵੱਲੋਂ ਵੱਡੀ ਫੰਡ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ। ਇਸ ਦਾ ਆਗਾਜ਼ 14 ਸਤੰਬਰ ਤੋਂ ਹਲਕਾ ਲੰਬੀ ਵਿੱਚ ਹੋਵੇਗਾ। ਮੁਹਿੰਮ ਅਧੀਨ ਪਿੰਡਾਂ ਤੇ ਕਸਬਿਆਂ ਤੋਂ ਫੰਡ ਇਕੱਠਾ ਕਰਕੇ ਬੇਜ਼ਮੀਨੇ ਤੇ ਥੁੜ ਜ਼ਮੀਨੇ ਕਿਸਾਨਾਂ ਨਾਲ-ਨਾਲ ਖੇਤ ਮਜ਼ਦੂਰਾਂ ਨੂੰ ਪਹਿਲ ਦੇ ਕੇ ਸਹਾਇਤਾ ਦਿੱਤੀ ਜਾਵੇਗੀ। ਇਸ ਰਾਹੀਂ ਖੇਤਾਂ ਤੋਂ ਰੇਤਾ ਕੱਢਣ, ਬਿਜਾਈ, ਘਰਾਂ ਦੀ ਉਸਾਰੀ ਤੇ ਮੁਰੰਮਤ, ਰਾਸ਼ਨ, ਦਵਾਈਆਂ, ਕੱਪੜੇ ਅਤੇ ਪਸ਼ੂਆਂ ਲਈ ਚਾਰਾ ਪ੍ਰਦਾਨ ਕੀਤਾ ਜਾਵੇਗਾ। ਅੱਜ ਭਾਕਿਯੂ ਉਗਰਾਹਾਂ ਦੇ ਬਲਾਕ ਪ੍ਰਧਾਨ ਗੁਰਪਾਸ਼ ਸਿੰਘ ਦੀ ਅਗਵਾਈ ਮੀਟਿੰਗ ਹੋਈ।
ਮਹਿਲ ਕਲਾਂ (ਲਖਵੀਰ ਸਿੰਘ ਚੀਮਾ): ਹੜ੍ਹ ਪੀੜਤਾਂ ਦੀ ਮਦਦ ਸਬੰਧੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਬਲਾਕ ਮਹਿਲ ਕਲਾਂ ਦੀ ਮੀਟਿੰਗ ਪਿੰਡ ਚੁਹਾਣਕੇ ਕਲਾਂ ਵਿੱਖ ਹੋਈ। ਇਸੇ ਤਰ੍ਹਾਂ ਹੜ੍ਹ ਪੀੜਤਾਂ ਲਈ ਬਲਾਕ ਸ਼ਹਿਣਾ ਬੀਕੇਯੂ ਉਗਰਾਹਾਂ ਦੀ ਮੀਟਿੰਗ ਹਲਕੇ ਦੇ ਪਿੰਡ ਪੱਖੋਕੇ ਵਿਖੇ ਹੋਈ।
ਰੂੜੇਕੇ ਕਲਾਂ (ਅੰਮ੍ਰਿਤਪਾਲ ਸਿੰਘ ਧਾਲੀਵਾਲ): ਪਿੰਡ ਫਤਹਿਗੜ੍ਹ ਛੰਨਾ ਵਿਖੇ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਹੋਈ| ਆਗੂ ਹਰਦੀਪ ਸਿੰਘ ਟੱਲੇਵਾਲ ਤੇ ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਨੈਣੇਵਾਲ ਨੇ ਕਿਹਾ ਕਿ ਜਥੇਬੰਦੀ ਨੂੰ ਜੋ ਵੀ ਰਾਸ਼ਨ ਬਰਨਾਲਾ ਜ਼ਿਲ੍ਹੇ ’ਚ ਇਕੱਠਾ ਹੋਵੇਗਾ ਉਹ ਡੇਰਾ ਬਾਬਾ ਨਾਨਕ ਦੇ ਹੜ੍ਹ ਪੀੜਤਾਂ ਦੀ ਮਦਦ ਲਈ ਭੇਜਿਆ ਜਾਵੇਗਾ|
ਭੁੱਚੋ ਮੰਡੀ (ਪਵਨ ਗੋਇਲ): ਇਸੇ ਤਰ੍ਹਾਂ ਹੜ੍ਹ ਪੀੜਤਾਂ ਦੀ ਮਦਦ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨੇ ਪਿੰਡ ਚੱਕ ਫ਼ਤਿਹ ਸਿੰਘ ਵਾਲਾ ਵਿੱਚ ਬਲਾਕ ਮੀਤ ਪ੍ਰਧਾਨ ਲਖਵੀਰ ਸਿੰਘ ਦੀ ਅਗਵਾਈ ਹੇਠ ਬਲਾਕ ਨਥਾਣਾ ਦੀ ਮੀਟਿੰਗ ਕੀਤੀ।