ਨਹਿਰੂ ਕਾਲਜ ਦੀਆਂ ਸਮੱਸਿਆਵਾਂ ਦਾ ਮਾਮਲਾ ਡੀ ਸੀ ਦਫ਼ਤਰ ਪੁੱਜਿਆ
ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੀ ਯਾਦ ’ਚ ਬਣੇ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਮਾਨਸਾ ਵਿੱਚ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਦਾ ਮਾਮਲਾ ਡਿਪਟੀ ਕਮਿਸ਼ਨਰ ਦੇ ਦਫ਼ਤਰ ਪੁੱਜ ਗਿਆ ਹੈ। ਮਾਨਸਾ ਦੇ ਡਿਪਟੀ ਕਮਿਸ਼ਨਰ ਨਵਜੌਤ ਕੌਰ ਨੂੰ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਦੇ ਸੂਬਾਈ ਕਨਵੀਨਰ ਸੁਖਜੀਤ ਸਿੰਘ ਰਾਮਾਂਨੰਦੀ ਦੀ ਅਗਵਾਈ ਹੇਠ ਮੰਗ ਪੱਤਰ ਦਿੱਤਾ ਗਿਆ, ਜਿਸ ਵਿੱਚ ਕਾਲਜ ਦੇ ਗੇਟ ਅੱਗੇ ਬੱਸਾਂ ਰੁਕਣੀਆਂ ਯਕੀਨੀ ਬਣਾਉਣ, ਕਾਲਜ ’ਚ ਪੀਣ ਵਾਲੇ ਸਾਫ਼ ਪਾਣੀ ਦਾ ਪ੍ਰਬੰਧ ਕਰਨ, ਗੈਸਟ ਫੈਕਲਟੀ, 1158 ਅਸਿਸਟੈੱਟ ਪ੍ਰੋਫੈਸਰਾਂ ਤੇ ਲਾਇਬਰੇਰੀਅਨ, ਕਾਲਜ ’ਚ ਸਾਫ਼-ਸਫ਼ਾਈ ਦਾ ਪ੍ਰਬੰਧ ਕਰਨ, ਨਵੀਂ ਸਿੱਖਿਆ ਨੀਤੀ ਤਹਿਤ ਲਿਆਂਦੇ ਗਏ ਵਾਧੂ ਵਿਸ਼ੇ ਵਾਪਸ ਲਏ ਜਾਣ ਦੀ ਮੰਗ ਨੂੰ ਜ਼ੋਰਦਾਰ ਢੰਗ ਨਾਲ ਰੱਖਿਆ ਗਿਆ।
ਡਿਪਟੀ ਕਮਿਸ਼ਨਰ ਨੂੰ ਮਿਲਣ ਤੋਂ ਬਾਅਦ ਆਇਸਾ ਆਗੂ ਸੁਖਜੀਤ ਸਿੰਘ ਰਾਮਾਂਨੰਦੀ ਅਤੇ ਅਮਨਦੀਪ ਕੌਰ ਉਡਤ ਨੇ ਮੰਗ ਕੀਤੀ ਕਿ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਮਾਨਸਾ ਦੇ ਗੇਟ ਅੱਗੇ ਰੋਡ ਉੱਪਰ ਸਪੀਡ ਬਰੇਕਰ ਬਣਾਏ ਜਾਣ ਅਤੇ ਪੱਕਾ ਬੱਸ ਸਟੈਂਡ ਬਣਾਕੇ ਹਰੇਕ ਬੱਸ ਦਾ ਰੁਕਣਾ ਯਕੀਨੀ ਬਣਾਇਆ ਜਾਵੇ, ਕਾਲਜ ਕੰਮ ਕਰਦੇ ਸਮੁੱਚੇ ਕੱਚੇ ਮੁਲਾਜ਼ਮਾਂ, ਗੈਸਟ ਫੈਕਲਟੀ ਪ੍ਰੋਫੈਸਰ, 1158 ਸਹਾਇਕ ਪ੍ਰੋਫੈਸਰਾਂ ਨੂੰ ਪੱਕਾ ਕੀਤਾ ਜਾਵੇ। ਉਨ੍ਹਾਂ ਐਲਾਨ ਕੀਤਾ ਕਿ ਜੇਕਰ ਮੰਗਾਂ ਦਾ ਹੱਲ ਨਾ ਹੋਇਆ ਤਾਂ ਜਥੇਬੰਦੀ ਵੱਲੋਂ ਮੀਟਿੰਗ ਕਰਕੇ ਅਗਲਾ ਐਕਸ਼ਨ ਉਲੀਕਿਆ ਜਾਵੇਗਾ।