ਵਿਕਾਸ ਕਾਰਜਾਂ ਸਬੰਧੀ ਟੈਂਡਰ ਨਾ ਲੱਗਣ ਦਾ ਮਾਮਲਾ ਭਖਿਆ
ਬੁਢਲਾਡਾ ਸ਼ਹਿਰ ਅੰਦਰ ਅਧੂਰੇ ਪਏ ਵਿਕਾਸ ਕਾਰਜਾਂ ਸਬੰਧੀ ਟੈਂਡਰ ਨਾ ਲੱਗਣ ਦਾ ਮਾਮਲਾ ਭਖ਼ ਗਿਆ ਹੈ। ਇਸ ਮਾਮਲੇ ਨੂੰ ਲੈ ਕੇ ਕੌਂਸਲਰਾਂ ਵੱਲੋਂ ਉਚ ਪੱਧਰੀ ਜਾਂਚ ਦੀ ਮੰਗ ਕੀਤੀ ਗਈ ਹੈ।
ਮੀਤ ਪ੍ਰਧਾਨ ਨਰਿੰਦਰ ਕੌਰ ਵਿਰਕ ਦੀ ਅਗਵਾਈ ਹੇਠ ਕੌਂਸਲਰਾਂ ਵੱਲੋਂ ਮੀਟਿੰਗ ਕੀਤੀ ਗਈ। ਮੀਤ ਪ੍ਰਧਾਨ ਨਰਿੰਦਰ ਕੌਰ ਵਿਰਕ ਸਮੇਤ ਕੌਂਸਲਰ ਰਜਿੰਦਰ ਸਿੰਘ, ਕਮਲਜੀਤ ਕਾਲੂ ਮਦਾਨ, ਸੁਭਾਸ਼ ਵਰਮਾਂ, ਨਰੇਸ਼ ਕੁਮਾਰ, ਪ੍ਰੇਮ ਕੁਮਾਰ ਗਰਗ, ਕੰਚਨ ਮਦਾਨ, ਗੁਰਪ੍ਰੀਤ ਕੌਰ ਚਹਿਲ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਨਗਰ ਕੌਂਸਲ ਪ੍ਰਧਾਨ ਵੱਲੋਂ ਲਗਾਏ ਗਏ ਟੈਂਡਰਾਂ ਨੂੰ ਨਾ ਕੀਤੇ ਜਾਣਾ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਵੱਡੀ ਸੱਟ ਲੱਗੀ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਪੰਜਾਬ ਸਰਕਾਰ ਵਿਕਾਸ ਕਾਰਜਾਂ ਲਈ ਫੰਡ ਭੇਜ ਰਹੀ ਹੈ, ਦੂਜੇ ਪਾਸੇ ਨਗਰ ਕੌਂਸਲ ਦੇ ਪ੍ਰਧਾਨ ਵੱਲੋਂ ਲਾਏ ਹੋਏ ਟੈਂਡਰ ਕੈਂਸਲ ਕੀਤੇ ਜਾ ਰਹੇ ਹਨ। ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਕੌਂਸਲਰਾਂ ਵੱਲੋਂ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ ਅਤੇ ਇਹ ਟੈਂਡਰਾਂ ਵਿੱਚ ਹੋ ਰਹੀ ਦੇਰੀ ਸਬੰਧੀ ਉਨ੍ਹਾਂ ਨੇ ਸਥਾਨਕ ਸਰਕਾਰ ਵਿਭਾਗ ਦੇ ਉਚ ਅਧਿਕਾਰੀਆਂ ਨੂੰ ਬਕਾਇਦਾ ਪੜਤਾਲ ਕਰਵਾਉਣ ਲਈ ਇੱਕ ਪੱਤਰ ਲਿਖਿਆ ਗਿਆ ਹੈ।