ਲਾੜੇ ਨੇ ਬਰਾਤ ਚੜ੍ਹਨ ਤੋਂ ਪਹਿਲਾਂ ਵੋਟ ਪਾਈ
ਬਲਾਕ ਮਮਦੋਟ ਅਧੀਨ ਆਉਂਦੇ ਸਰਹੱਦੀ ਪਿੰਡ ਕਾਲੂ ਅਰਾਈ ਹਿਠਾੜ ਵਿੱਚ ਵਿਆਹ ਵਾਲੇ ਲਾੜੇ ਨੇ ਸਿਹਰੇ ਬੰਨ੍ਹ ਕੇ ਆਪਣੇ ਪਿੰਡ ਦੇ ਪੋਲਿੰਗ ਬੂਥ ’ਤੇ ਜਾ ਕੇ ਵੋਟ ਪਾਈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਕਾਲੂ ਅਰਾਈ ਦੇ ਜੀਤ ਸਿੰਘ ਦੇ ਲੜਕੇ ਲਖਵਿੰਦਰ ਸਿੰਘ ਦਾ ਵਿਆਹ 14 ਦਸੰਬਰ ਨੂੰ ਨਿਸਚਿਤ ਹੋਇਆ ਸੀ, ਜਿਸ ਦੀ ਬਰਾਤ ਮਮਦੋਟ ਦੇ ਨਜ਼ਦੀਕ ਹੀ ਪੈਂਦੇ ਪਿੰਡ ਹਜ਼ਾਰਾ ਸਿੰਘ ਵਾਲਾ ਵਿੱਚ ਜਾਣੀ ਸੀ। ਚੋਣ ਕਮਿਸ਼ਨ ਵੱਲੋਂ 14 ਦਸੰਬਰ ਨੂੰ ਹੀ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸਮਿਤੀ ਚੋਣਾਂ ਨਿਸਚਿਤ ਕਰ ਦਿੱਤੇ ਜਾਣ ਨਾਲ ਵਿਆਹ ਵਾਲੇ ਲੜਕੇ ਲਖਵਿੰਦਰ ਸਿੰਘ ਨੇ ਸਿਹਰੇ ਬੰਨ ਕੇ ਬਰਾਤ ਚੜ੍ਹਨ ਸਮੇਂ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ ਸੱਜੀ ਸਜਾਈ ਕਾਰ ਵਿੱਚ ਰਵਾਨਾ ਹੋ ਕੇ ਬਰਾਤੀਆਂ ਸਣੇ ਪਿੰਡ ਵਿੱਚ ਬਣੇ ਪੋਲਿੰਗ ਬੂਥ ’ਤੇ ਜਾ ਕੇ ਵੋਟ ਪਾਈ। ਇਸ ਮੌਕੇ ਆਪਣੀ ਵੋਟ ਪਾਉਣ ਤੋਂ ਬਾਅਦ ਲਾੜੇ ਲਖਵਿੰਦਰ ਸਿੰਘ ਨੇ ਦੱਸਿਆ ਕਿ ਉਸ ਨੇ ਆਪਣੀ ਵੋਟ ਪਾ ਕੇ ਆਪਣੇ ਲੋਕਤੰਤਰ ਵਿੱਚ ਯੋਗਦਾਨ ਪਾਉਣ ਦਾ ਫਰਜ਼ ਅਦਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸਭ ਨੂੰ ਆਪਣੀ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਨ ਚਾਹੀਦਾ ਹੈ।
