ਤਾਪਘਰ ਨੇ ਚੁੱਕਿਆ ਪਰਾਲੀ ਨਾ ਸਾੜਨ ਦਾ ਬੀੜਾ
ਇੱਥੋਂ ਨੇੜਲੇ ਪਿੰਡ ਬਣਾਂਵਾਲਾ ਵਿੱਚ ਨਿੱਜੀ ਭਾਈਵਾਲੀ ਤਹਿਤ ਲੱਗੇ ਉਤਰੀ ਭਾਰਤ ਦੇ ਸਭ ਤੋਂ ਵੱਡੇ ਤਾਪਘਰ ਤਲਵੰਡੀ ਸਾਬੋ ਪਾਵਰ ਲਿਮਟਿਡ (ਟੀਐੱਸਪੀਐੱਲ) ਨੇ ਜ਼ਿਲ੍ਹੇ ਵਿੱਚ 27000 ਏਕੜ ਰਕਬੇ ਵਿੱਚ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਉਣ ਦਾ ਟੀਚਾ ਮਿਥਿਆ ਹੈ। ਇਸ ਮੁਹਿੰਮ ਤਹਿਤ ਪਿੰਡ ਰਾਏਪੁਰ ਵਿੱਚ ਲਾਏ ਗਏ ਜਾਗਰੂਕਤਾ ਕੈਂਪ ਦੌਰਾਨ ਕਿਸਾਨਾਂ ਨੂੰ ਪਰਾਲੀ ਨਾ ਸਾੜ ਕੇ ਵਾਤਵਾਰਨ ਅਨੁਕੂਲ ਫ਼ਸਲੀ ਰਹਿੰਦ-ਖੂੰਹਦ ਪ੍ਰਬੰਧਨ ਅਭਿਆਸਾਂ ਨੂੰ ਉਤਸ਼ਾਹਿਤ ਕਰਨ ਦੀ ਕੋਸ਼ਿਸ ਕੀਤੀ ਗਈ। ਇਸ ਕੈਂਪ ਦੌਰਾਨ 13 ਪਿੰਡਾਂ ਦੇ 270 ਕਿਸਾਨਾਂ ਨੇ ਹਿੱਸਾ ਲਿਆ। ਤਾਪਘਰ ਦੇ ਸੀਈਓ ਵਿਕਾਸ ਸ਼ਰਮਾ ਨੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਸਾੜਨ ਤੋਂ ਬਚਣ ਅਤੇ ਮਲਚਿੰਗ, ਖਾਦ ਬਣਾਉਣ ਅਤੇ ਮਸ਼ੀਨੀ ਕਟਾਈ ਵਰਗੇ ਟਿਕਾਊ ਅਭਿਆਸਾਂ ਨੂੰ ਅਪਣਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਨ੍ਹਾਂ ਵਾਤਾਵਰਣ-ਅਨੁਕੂਲ ਤਰੀਕਿਆਂ ਨੂੰ ਅਪਣਾਉਣ ਵਾਲੇ ਪ੍ਰਗਤੀਸ਼ੀਲ ਕਿਸਾਨਾਂ ਨੂੰ ਰੋਲ ਮਾਡਲ ਵਜੋਂ ਸਨਮਾਨਿਤ ਕੀਤਾ ਗਿਆ, ਜੋ ਪੰਜਾਬ ਭਰ ਵਿੱਚ ਸਾਫ਼-ਸੁਥਰੀ ਅਤੇ ਹਰਿਆਲੀ ਭਰੀ ਖੇਤੀ ਲਈ ਪ੍ਰੇਰਿਤ ਕਰਦੇ ਹਨ। ਮਾਨਸਾ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ. ਹਰਪ੍ਰੀਤ ਕੌਰ ਨੇ ਦੱਸਿਆ ਕਿ ਤਾਪਘਰ ਵੱਲੋਂ ਮੁਹਿੰਮ ਦੀ ਪਹੁੰਚ ਨੂੰ ਵਧਾਉਣ ਲਈ ਤਿੰਨ ਮੋਬਾਈਲ ਜਾਗਰੂਕਤਾ ਵੈਨਾਂ ਨੂੰ ਰਵਾਨਾ ਕੀਤਾ ਗਿਆ। ਵੇਦਾਂਤਾ ਕੰਪਨੀ ਦੇ ਸੀਈਓ ਰਾਜਿੰਦਰ ਸਿੰਘ ਆਹੂਜਾ ਨੇ ਦੱਸਿਆ ਕਿ ਪਿਛਲੇ ਸਾਲ ਟੀਐਸਪੀਐਲ ਦੇ ਯਤਨਾਂ ਨੇ 20,000 ਏਕੜ ਤੋਂ ਵੱਧ ਖੇਤੀਯੋਗ ਜ਼ਮੀਨ ਨੂੰ ਬਚਾਉਣ ਵਿੱਚ ਮਦਦ ਮਿਲੀ ਅਤੇ ਲਗਪਗ 8 ਲੱਖ ਟਨ ਝੋਨੇ ਦੀ ਰਹਿੰਦ-ਖੂੰਹਦ ਨੂੰ ਸਾੜਨ ਤੋਂ ਰੋਕਿਆ ਗਿਆ। ਇਸ ਮੌਕੇ ਪੰਕਜ਼ ਸ਼ਰਮਾ, ਕਮਲਦੀਪ ਸਿੰਘ, ਚਮਨਦੀਪ ਸਿੰਘ, ਅੰਮ੍ਰਿਤਪਾਲ ਸਿੰਘ, ਪ੍ਰਭਦਿਆਲ ਸਿੰਘ ਨੇ ਵੀ ਸੰਬੋਧਨ ਕੀਤਾ।