ਹੁੰਮਸ ਦਾ ਕਹਿਰ: ਮੀਂਹ ਨੇ ਬਦਲਿਆ ਮੌਸਮ ਦਾ ਮਿਜ਼ਾਜ
ਪਿਛਲੇ ਕੁਝ ਅਰਸੇ ਤੋਂ ਤਸੱਲੀਬਖ਼ਸ਼ ਮੀਂਹ ਨੂੰ ਉਡੀਕ ਰਹੇ ਮਾਲਵੇ ਦੀ ਧੁੰਨੀ ਅਖਵਾਉਂਦੇ ਬਠਿੰਡਾ ਅਤੇ ਆਸ-ਪਾਸ ਦੇ ਜ਼ਿਲ੍ਹਿਆਂ ’ਚ ਅੱਜ ਹਲਕੀ ਤੋਂ ਦਰਮਿਆਨੀ ਵਰਖਾ ਹੋਈ। ਐਤਵਾਰ ਸਵੇਰ ਤੋਂ ਹੀ ਰੁਕ-ਰੁਕ ਕੇ ਪੂਰਾ ਦਿਨ ਹੁੰਦੀ ਰਹੀ ਇਸ ਬਾਰਿਸ਼ ਨੇ ਹੁੰਮਸ ਦੀ ਮਾਰ ਝੱਲ ਰਹੇ ਲੋਕਾਂ ਦੇ ਚਿਹਰਿਆਂ ’ਤੇ ਰੌਣਕ ਲੈ ਆਂਦੀ। ਬਠਿੰਡਾ ਸਥਿਤ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੇਤਰੀ ਕੇਂਦਰ ਦੇ ਮੌਸਮ ਵਿਗਿਆਨੀਆਂ ਨੇ ਬਠਿੰਡਾ ਵਿੱਚ ਦੁਪਹਿਰੇ 2:30 ਵਜੇ ਤੱਕ 22 ਮਿਲੀਮੀਟਰ ਵਰਖਾ ਨੋਟ ਕੀਤੀ।
ਦੁਆਬੇ, ਮਾਝੇ ਅਤੇ ਪੁਆਧ ਖੇਤਰਾਂ ’ਚ ਭਾਵੇਂ ਪਿਛਲੇ ਕਰੀਬ ਦਸ ਦਿਨਾਂ ਤੋਂ ਥੋੜ੍ਹੇ-ਥੋੜ੍ਹੇ ਵਕਫ਼ੇ ਬਾਅਦ ਵਰਖਾ ਦਾ ਦੌਰ ਬਾ-ਦਸਤੂਰ ਜਾਰੀ ਸੀ ਪਰ ਦੱਖਣ-ਪੱਛਮੀ ਮਾਲਵਾ ਮੀਂਹ ਦੀ ਇੰਤਜ਼ਾਰ ਵਿੱਚ ਸੀ। ਅੱਜ ਦੀ ਬਰਸਾਤ ਨੇ ਭਾਦੋਂ ਮਹੀਨੇ ਵਿੱਚ ਮਾਲਵੇ ’ਚ ਭਰਵੀਂ ਤੇ ਪਲੇਠੀ ਹਾਜ਼ਰੀ ਲੁਆਈ। ਟਿਕ ਕੇ ਹੋਈ ਵਰਖਾ ਦਰਮਿਆਨ ਗਰਜ, ਚਮਕ ਅਤੇ ਤੇਜ਼ ਹਵਾ ਨਾਦਾਰਦ ਰਹੇ। ਕਿਸਾਨਾਂ ਵੱਲੋਂ ਅੱਜ ਦੀ ਵਰਖਾ ਨੂੰ ਫ਼ਸਲਾਂ ਲਈ ਵਰਦਾਨ ਮੰਨਿਆ ਜਾ ਰਿਹਾ ਹੈ। ਉਧਰ ਬਠਿੰਡਾ ਤੇ ਮਾਨਸਾ ’ਚ ਨੀਵੇਂ ਰਿਹਾਇਸ਼ੀ ਖੇਤਰਾਂ ਵਿੱਚ ਵਰਖਾ ਦਾ ਪਾਣੀ ਰੁਕਣ ਕਾਰਨ ਲੋਕਾਂ ਨੂੰ ਦੁਸ਼ਵਾਰੀਆਂ ਦਾ ਵੀ ਸਾਹਮਣਾ ਕਰਨਾ ਪਿਆ। ਉਂਜ ਮੀਂਹ ਪੈਣ ਕਰਕੇ ਹੁੰਮਸ ਦੀ ਤਲਖ਼ੀ ਵਾਲੀ ਗਰਮੀ ਤੋਂ ਸਤੇ ਲੋਕਾਂ ਨੇ ਫਿਲਹਾਲ ਸੁਖ ਦਾ ਸਾਹ ਲਿਆ ਹੈ। ਮੌਸਮ ਵਿਗਿਆਨੀਆਂ ਵੱਲੋਂ 27 ਅਗਸਤ ਤੱਕ ਮੀਂਹ ਦੀ ਪੇਸ਼ੀਨਗੋਈ ਕੀਤੀ ਗਈ ਹੈ। ਇਨ੍ਹਾਂ ਦਿਨਾਂ ’ਚੋਂ 25 ਅਤੇ 26 ਅਗਸਤ ਨੂੰ ਮੀਂਹ ਦੀਆਂ ਫ਼ੁਹਾਰਾਂ ਚਰਮ ਸੀਮਾ ’ਤੇ ਰਹਿਣ ਦੀ ਸੰਭਾਵਨਾ ਹੈ।
ਭਾਰੀ ਮੀਂਹ ਕਾਰਨ ਕੌਮੀ ਮਾਰਗ ’ਤੇ ਲੱਗਿਆ ਜਾਮ
ਭੁੱਚੋ ਮੰਡੀ (ਪਵਨ ਗੋਇਲ): ਇਲਾਕੇ ਵਿੱਚ ਅੱਜ ਬਾਅਦ ਦੁਪਹਿਰ ਭਾਰੀ ਮੀਂਹ ਪੈਣ ਕਾਰਨ ਬਠਿੰਡਾ ਜ਼ੀਰਕਪੁਰ ਕੌਮੀ ਮਾਰਗ ’ਤੇ ਆਦੇਸ਼ ਹਸਪਤਾਲ ਅਤੇ ਮਾਰਬਲ ਮਾਰਕੀਟ ਦੇ ਕੋਲ ਭਾਰੀ ਮਾਤਰਾ ਵਿੱਚ ਭਰ ਗਿਆ। ਇਸ ਕਾਰਨ ਮਾਰਗ ਦੇ ਦੋਹੀਂ ਪਾਸੀਂ ਜਾਮ ਲੱਗਣ ਕਰਕੇ ਵਹੀਕਲਾਂ ਦੀਆਂ ਲੰਮੀਆਂ ਲਾਈਨਾਂ ਲੱਗ ਗਈਆਂ। ਇਸ ਦੌਰਾਨ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਹੋਈ। ਰਾਹਗੀਰਾਂ ਨੇ ਕਿਹਾ ਕਿ ਭਾਰੀ ਟੌਲ ਭਰਨ ਦੇ ਬਾਵਜੂਦ ਕੌਮੀ ਮਾਰਗ ਦੀਆਂ ਸਮੱਸਿਆਵਾਂ ਨੂੰ ਹੱਲ ਨਹੀਂ ਕੀਤਾ ਜਾ ਰਿਹਾ। ਮਾਰਬਲ ਮਾਰਕੀਟ ਦੇ ਦੁਕਾਨਦਾਰਾਂ ਨੇ ਦੱਸਿਆ ਕਿ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਬਰਸਾਤ ਹੁੰਦਿਆਂ ਹੀ ਕੌਮੀ ਮਾਰਗ ’ਤੇ ਵੱਡੀ ਮਾਤਰਾ ਵਿੱਚ ਪਾਣੀ ਭਰ ਜਾਂਦਾ। ਉਨ੍ਹਾਂ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆਂ ਦੇ ਅਧਿਕਾਰੀਆਂ ਨੂੰ ਪਾਣੀ ਦੀ ਨਿਕਾਸੀ ਦੇ ਪੁਖ਼ਤਾ ਪ੍ਰਬੰਧ ਕਰਨ ਦੀ ਮੰਗ ਕੀਤੀ।