ਕੋਠੇ ਸੁਰਜੀਤਪੁਰਾ ਦੇ ਕਿਸਾਨ ਭਰਾਵਾਂ ਨੇ ਪੰਜ ਸਾਲਾਂ ਤੋਂ ਨਹੀਂ ਸਾੜੀ ਪਰਾਲੀ
100 ਏਕੜ ’ਚ ਫ਼ਸਲ ਦਾ ਝਾੜ ਵਧਿਆ; ਹੋਰਨਾਂ ਕਿਸਾਨਾਂ ਨੂੰ ਵੀ ਪਰਾਲੀ ਨਾ ਸਾੜਨ ਦੀ ਅਪੀਲ
Advertisement
ਕੋਠੇ ਸੁਰਜੀਤਪੁਰਾ ਦੇ ਕਿਸਾਨ ਭਰਾ ਹੋਰਨਾਂ ਕਿਸਾਨਾਂ ਲਈ ਮਿਸਾਲ ਹਨ, ਜੋ ਕਿ ਕਰੀਬ 100 ਏਕੜ ਵਿੱਚ ਵਾਹੀ ਕਰਦੇ ਹਨ ਅਤੇ ਪਿਛਲੇ ਕਰੀਬ ਪੰਜ ਸਾਲਾਂ ਤੋਂ ਪਰਾਲੀ ਨੂੰ ਅੱਗ ਨਹੀਂ ਲਗਾਈ। ਕਿਸਾਨ ਸੁਖਪਾਲ ਸਿੰਘ ਵਾਸੀ ਕੋਠੇ ਸੁਰਜੀਤਪੁਰਾ ਨੇ ਦੱਸਿਆ ਕਿ ਉਹ ਅਤੇ ਉਸ ਦਾ ਭਰਾ ਤਰਸੇਮ ਸਿੰਘ ਕਰੀਬ 100 ਏਕੜ ਰਕਬੇ ਵਿੱਚ ਵਾਹੀ ਕਰਦੇ ਹਨ। ਉਨ੍ਹਾਂ ਦੱਸਿਆ ਕਿ ਉਹ ਕਰੀਬ 75 ਏਕੜ ਵਿੱਚ ਆਲੂਆਂ ਦੀ ਕਾਸ਼ਤ ਕਰਦੇ ਹਨ। ਸੁਖਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਕਰੀਬ ਪੰਜ ਸਾਲਾਂ ਤੋਂ ਪਰਾਲੀ ਨੂੰ ਅੱਗ ਨਹੀਂ ਲਗਾਈ। ਪਹਿਲਾਂ ਉਹ ਪਰਾਲੀ ਦੀਆਂ ਗੰਢਾਂ ਬਣਾਉਂਦੇ ਸਨ ਅਤੇ ਪਿਛਲੇ ਸਾਲ ਤੋਂ ਉਨ੍ਹਾਂ ਨੇ ਪਰਾਲੀ ਨੂੰ ਜ਼ਮੀਨ ਵਿਚ ਰਲਾਉਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਉਨ੍ਹਾਂ ਨੇ ਮਲਚਰ ਅਤੇ ਪਲਾਓ ਐੱਮਬੀ ਸੰਦ ਲਿਆਂਦੇ ਹਨ ਅਤੇ ਪਰਾਲੀ ਦਾ ਜ਼ਮੀਨ ਵਿਚ ਹੀ ਨਿਬੇੜਾ ਕੀਤਾ ਜਿਸ ਨਾਲ ਆਲੂਆਂ ਦਾ ਝਾੜ ਵੀ ਕਰੀਬ 25 ਗੱਟੇ ਪ੍ਰਤੀ ਏਕੜ ਵਧਿਆ ਹੈ। ਸੁਖਪਾਲ ਸਿੰਘ ਨੇ ਦੱਸਿਆ ਕਿ ਉਹ ਝੋਨੇ ਤੋਂ ਇਲਾਵਾ ਆਲੂ ਅਤੇ ਆਲੂਆਂ ਦੀ ਪੁਟਾਈ ਕਰਕੇ ਮੂੰਗੀ, ਮੱਕੀ ਅਤੇ ਤਰਬੂਜ ਦੀ ਕਾਸ਼ਤ ਕਰਦੇ ਹਨ ਅਤੇ ਕੁਝ ਕੁ ਰਕਬੇ ਵਿੱਚ ਕਣਕ ਬੀਜਦੇ ਹਨ।
ਡਿਪਟੀ ਕਮਿਸ਼ਨਰ ਟੀ ਬੈਨਿਥ ਨੇ ਪਿਛਲੇ ਦਿਨੀਂ ਕੋਠੇ ਸੁਰਜੀਤਪੁਰਾ ਦੇ ਕਿਸਾਨਾਂ ਦੇ ਖੇਤਾਂ ਦਾ ਦੌਰਾ ਕੀਤਾ। ਉਨ੍ਹਾਂ ਪਰਾਲੀ ਦਾ ਸੁਚੱਜਾ ਨਿਬੇੜਾ ਕਰਨ ਵਾਲੇ ਕਿਸਾਨਾਂ ਦੀ ਸ਼ਲਾਘਾ ਕੀਤੀ ਅਤੇ ਜ਼ਿਲ੍ਹੇ ਦੇ ਹੋਰਨਾਂ ਕਿਸਾਨਾਂ ਨੂੰ ਵੀ ਇਸ ਮੁਹਿੰਮ ਵਿਚ ਸਹਿਯੋਗ ਦਾ ਸੱਦਾ ਦਿੱਤਾ।
Advertisement
Advertisement