ਸਿੱਖਿਆ ਕ੍ਰਾਂਤੀ ਸਦਕਾ ਸਰਕਾਰੀ ਸਕੂਲਾਂ ਦੀ ਨੁਹਾਰ ਬਦਲੀ: ਬੁੱਧ ਰਾਮ
ਜੋਗਿੰਦਰ ਸਿੰਘ ਮਾਨ
ਮਾਨਸਾ, 7 ਅਪਰੈਲ
ਆਮ ਆਦਮੀ ਪਾਰਟੀ ਦੇ ਬੁਢਲਾਡਾ ਤੋਂ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵਿਦਿਆਰਥੀਆਂ ਦੇ ਸਿੱਖਿਆ ਪੱਧਰ ਨੂੰ ਉੱਚਾ ਚੁੱਕਣ ਲਈ ਨਿਰੰਤਰ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਿੱਖਿਆ ਕ੍ਰਾਂਤੀ ਤਹਿਤ ਕੀਤੇ ਉਪਰਾਲਿਆਂ ਸਦਕਾ ਸਰਕਾਰੀ ਸਕੂਲਾਂ ਦੀ ਨੁਹਾਰ ਬਦਲੀ ਹੈ। ਉਹ ਅੱਜ ਹਲਕੇ ਦੇ ਪਿੰਡ ਬੀਰੋਕੇ ਕਲਾਂ ਅਤੇ ਭਾਦੜਾ ਵਿਖੇ ਸਰਕਾਰੀ ਸਕੂਲਾਂ ’ਚ ਮੁਕੰਮਲ ਕੀਤੇ ਵੱਖ-ਵੱਖ ਪ੍ਰੋਜੈਕਟਾਂ ਦਾ ਉਦਘਾਟਨ ਦੌਰਾਨ ਜੁੜੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਵਿਧਾਇਕ ਬੁੁੱਧ ਰਾਮ ਨੇ ਕਿਹਾ ਕਿ ਸਰਕਾਰੀ ਪ੍ਰਾਇਮਰੀ ਸਕੂਲ ਬੀਰੋਕੇ ਕਲਾਂ ਵਿੱਚ 5 ਲੱਖ ਦੀ ਲਾਗਤ ਨਾਲ ਚਾਰਦੀਵਾਰੀ, 3 ਲੱਖ ਦੀ ਲਾਗਤ ਨਾਲ ਕਮਰੇ ਦੀ ਉਸਾਰੀ ਕਰਵਾਈ ਗਈ, ਇਸੇ ਤਰ੍ਹਾਂ ਸਰਕਾਰੀ ਸੈਕੰਡਰੀ ਸਮਾਰਟ ਸਕੂਲ ਬੀਰੋਕੇ ਕਲਾਂ ਵਿਖੇ 7.51 ਲੱਖ ਦੀ ਲਾਗਤ ਨਾਲ ਕਲਾਸ ਰੂਮ, 2.25 ਲੱਖ ਦੀ ਲਾਗਤ ਨਾਲ ਕਮਰੇ ਦੀ ਰਿਪੇਅਰ, 2 ਲੱਖ ਦੀ ਲਾਗਤ ਨਾਲ ਪੈਰਾਮਿਲਟਰੀ ਗਰਾਊਂਡ ਅਤੇ 4 ਲੱਖ ਰੁਪਏ ਦੀ ਲਾਗਤ ਨਾਲ ਚਾਰਦੀਵਾਰੀ ਦੀ ਉਸਾਰੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਭਾਦੜਾ ਵਿੱਚ 19 ਲੱਖ 14 ਹਜ਼ਾਰ ਰੁਪਏ ਦੀ ਲਾਗਤ ਨਾਲ ਕਮਰਸ ਬਲਾਕ ਰੂਮ, 11 ਲੱਖ ਦੀ ਲਾਗਤ ਨਾਲ ਸਾਇੰਸ ਲੈਬ,1 ਲੱਖ 13 ਹਜ਼ਾਰ ਰੁਪਏ ਨਾਲ ਕੁੜੀਆਂ ਲਈ ਬਾਥਰੂਮ, 1 ਲੱਖ 40 ਹਜ਼ਾਰ ਰੁਪਏ ਦੀ ਲਾਗਤ ਨਾਲ ਬਾਥਰੂਮਾਂ ਦੀ ਰਿਪੇਅਰ ਅਤੇ 6 ਲੱਖ ਰੁਪਏ ਨਾਲ ਸਕੂਲ ਦੀ ਮੇਜਰ ਰਿਪੇਅਰ ਦਾ ਕੰਮ ਕਰਵਾਇਆ ਗਿਆ ਹੈ। ਇਸ ਤਰ੍ਹਾਂ ਮਾਨਸਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਡਾ. ਵਿਜੈ ਸਿੰਗਲਾ ਨੇ ਪਿੰਡ ਫਫੜੇ ਭਾਈਕੇ ਦੇ ਸਕੂਲ ਵਿੱਚ ਕਰੀਬ 21 ਲੱਖ ਦੀ ਲਾਗਤ ਨਾਲ ਬਣੇ ਪ੍ਰਾਜੈਕਟਾਂ ਦਾ ਉਦਘਾਟਨ ਕਰਨ ਮੌਕੇ ਜੁੜੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕੀਤਾ।
ਧਰਮਕੋਟ (ਪੱਤਰ ਪ੍ਰੇਰਕ): ਧਰਮਕੋਟ ’ਚ ਚਾਰ ਸਕੂਲਾਂ ਲਈ ਪੰਜਾਬ ਸਰਕਾਰ ਵੱਲੋਂ 53.26 ਲੱਖ ਰੁਪਏ ਜਾਰੀ ਕੀਤੇ ਗਏ ਹਨ। ਇਹਨਾਂ ਚਾਰ ਸਕੂਲਾਂ ਦੀ ਸੂਚੀ ਵਿੱਚ ਸਕੂਲ ਆਫ ਐਮੀਨੈਂਸ ਕੈਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਮਾਲਕੇ, ਸਰਕਾਰੀ ਹਾਈ ਸਕੂਲ ਬੱਡੂਵਾਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੋਸਾ ਕੋਟਲਾ ਸ਼ਮਿਲ ਹਨ। ਹਲਕਾ ਵਿਧਾਇਕ ਦਵਿੰਦਰ ਸਿੰਘ ਲਾਡੀ ਢੌਂਸ ਨੇ ਸਕੂਲਾਂ ਵਿੱਚ ਵਿਕਾਸ ਕਾਰਜਾਂ ਦਾ ਰਸਮੀ ਉਦਘਾਟਨ ਕੀਤਾ। ਬਰਨਾਲਾ (ਰਵਿੰਦਰ ਰਵੀ): ਜ਼ਿਲ੍ਹਾ ਬਰਨਾਲਾ ਵਿੱਚ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਵੱਖ-ਵੱਖ ਸਕੂਲਾਂ ਵਿੱਚ 82 ਲੱਖ ਤੋਂ ਵੱਧ ਦੀ ਲਾਗਤ ਵਾਲੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਗਿਆ। ਉਨ੍ਹਾਂ ਸਰਕਾਰੀ ਪ੍ਰਾਇਮਰੀ ਸਕੂਲ ਪੱਤੀ ਸੇਖਵਾਂ ਵਿੱਚ 11.26 ਲੱਖ ਦੀ ਲਾਗਤ ਨਾਲ ਚਾਰਦੀਵਾਰੀ ਦਾ ਕੰਮ ਮੁਕੰਮਲ ਹੋਣ ’ਤੇ ਉਦਘਾਟਨ ਕੀਤਾ। ਸਰਕਾਰੀ ਮਿਡਲ ਸਕੂਲ ਪੱਤੀ ਸੇਖਵਾਂ ਵਿੱਚ 11.82 ਲੱਖ ਦੀ ਲਾਗਤ ਨਾਲ ਕਮਰੇ ਅਤੇ ਚਾਰਦੀਵਾਰੀ ਦੇ ਕੰਮ ਦਾ ਉਦਘਾਟਨ ਕੀਤਾ। ਉਨ੍ਹਾਂ ਸਰਕਾਰੀ ਸਕੂਲ ਬਰਨਾਲਾ ਲੜਕੀਆਂ ਵਿਚ 38.66 ਲੱਖ ਦੀ ਲਾਗਤ ਵਾਲੇ ਚਾਰਦੀਵਾਰੀ ਦੇ ਕੰਮ, ਜਮਾਤ ਦੇ ਕਮਰਿਆਂ ਦੇ ਕੰਮ ਦਾ ਉਦਘਾਟਨ ਕੀਤਾ। ਇਸੇ ਤਰ੍ਹਾਂ ਸਰਕਾਰੀ ਪ੍ਰਾਇਮਰੀ ਸਕੂਲ ਬਾਜਵਾ ਪੱਤੀ ਵਿੱਚ 21.15 ਲੱਖ ਦੀ ਲਾਗਤ ਨਾਲ ਕਮਰਿਆਂ, ਪਖਾਨਿਆਂ, ਚਾਰ ਦੀਵਾਰੀ ਦੇ ਕੰਮ ਦਾ ਉਦਘਾਟਨ ਕੀਤਾ।
ਪਿੰਡ ਕਰੀਰਵਾਲੀ ਅਤੇ ਬਿਸ਼ਨੰਦੀ ਦੇ ਸਕੂਲਾਂ ’ਚ ਉਦਘਾਟਨੀ ਸਮਾਗਮ
ਜੈਤੋ (ਸ਼ਗਨ ਕਟਾਰੀਆ): ਹਲਕਾ ਜੈਤੋ ਦੇ ਵਿਧਾਇਕ ਅਮੋਲਕ ਸਿੰਘ ਨੇ ਅੱਜ ਨੇੜਲੇ ਪਿੰਡਾਂ ਕਰੀਰਵਾਲੀ ਅਤੇ ਬਿਸ਼ਨੰਦੀ ਦੇ ਸਰਕਾਰੀ ਸਕੂਲਾਂ ਵਿੱਚ ਮੁਕੰਮਲ ਹੋਏ ਪ੍ਰਗਤੀ ਕਾਰਜਾਂ ਦਾ ਰਸਮੀ ਉਦਘਾਟਨ ਕੀਤਾ।
ਵਿਧਾਇਕ ਅਮੋਲਕ ਸਿੰਘ ਨੇ ਦੋਵਾਂ ਥਾਵਾਂ ’ਤੇ ਉਦਘਾਟਨੀ ਸਮਾਗਮਾਂ ਦੌਰਾਨ ਸੰਬੋਧਨ ਦੌਰਾਨ ਖੁਲਾਸਾ ਕੀਤਾ ਕਿ ਸਰਕਾਰੀ ਹਾਈ ਸਕੂਲ ਕਰੀਰਵਾਲੀ ਵਿੱਚ ਕਰੀਬ 21 ਲੱਖ ਰੁਪਏ ਦੀ ਲਾਗਤ ਨਾਲ ਵਿਕਾਸ ਦੇ ਕੰਮ ਹੋਏ। ਇਨ੍ਹਾਂ ਵਿੱਚ 16 ਲੱਖ ਰੁਪਏ ਨਵੇਂ ਕਮਰਿਆਂ ਦਾ ਨਿਰਮਾਣ ਕਰਨ ’ਤੇ ਖ਼ਰਚੇ ਗਏ ਅਤੇ 5 ਲੱਖ ਰੁਪਏ ਲਾਇਬ੍ਰੇਰੀ ਲਈ ਖਰਚੇ ਗਏ। ਇਸੇ ਤਰ੍ਹਾਂ ਪਿੰਡ ਸਰਕਾਰੀ ਹਾਈ ਸਕੂਲ ਬਿਸ਼ਨੰਦੀ ਵਿੱਚ 45.50 ਲੱਖ ਰੁਪਏ ਦੀ ਲਾਗਤ ਨਾਲ ਵਿਕਾਸ ਕਾਰਜ ਮੁਕੰਮਲ ਕੀਤੇ ਗਏ। ਇਸ ਸਕੂਲ ਵਿੱਚ 17 ਲੱਖ ਰੁਪਏ ਦੀ ਲਾਗਤ ਨਾਲ ਚਾਰ-ਦੀਵਾਰੀ, 15.50 ਲੱਖ ਰੁਪਏ ਦੀ ਲਾਗਤ ਨਾਲ ਨਵੇਂ ਕਮਰਿਆਂ ਦੀ ਉਸਾਰੀ, 2 ਲੱਖ ਰੁਪਏ ਨਵੇਂ ਬਾਥਰੂਮਾਂ ਦੇ ਨਿਰਮਾਣ ਅਤੇ 11 ਲੱਖ ਰੁਪਏ ਕਮਰਿਆਂ ਦੀ ਮੁਰੰਮਤ ’ਤੇ ਖ਼ਰਚ ਕੀਤੇ ਗਏ।
ਇਸ ਮੌਕੇ ਟਰੱਕ ਯੂਨੀਅਨ ਜੈਤੋ ਦੇ ਪ੍ਰਧਾਨ ਐਡਵੋਕੇਟ ਹਰਸਿਮਰਨ ਮਲਹੋਤਰਾ, ਪੰਜਾਬ ਵਾਟਰ ਅਤੇ ਸੀਵਰੇਜ ਸਪਲਾਈ ਬੋਰਡ ਦੇ ਸੀਨੀਅਰ ਵਾਈਸ ਚੇਅਰਮੈਨ ਧਰਮਜੀਤ ਸਿੰਘ ਰਾਮੇਆਣਾ, ਮਾਰਕੀਟ ਕਮੇਟੀ ਜੈਤੋ ਦੇ ਚੇਅਰਮੈਨ ਡਾ. ਲਛਮਣ ਭਗਤੂਆਣਾ ਹਾਜ਼ਰ ਸਨ।
ਕੋਟਕਪੂਰਾ ’ਚ ਸੰਧਵਾਂ ਵੱਲੋਂ 19 ਪ੍ਰਾਜੈਕਟਾਂ ਦਾ ਉਦਘਾਟਨ
ਕੋਟਕਪੂਰਾ (ਬਲਵਿੰਦਰ ਸਿੰਘ ਹਾਲੀ): ਬਦਲਦਾ ਪੰਜਾਬ ਪ੍ਰੋਗਰਾਮ ਤਹਿਤ ਕੋਟਕਪੂਰਾ ਹਲਕੇ ਦੇ ਵੱਖ-ਵੱਖ ਸਕੂਲਾਂ ਵਿੱਚ 75 ਲੱਖ ਰੁਪਏ ਦੀ ਲਾਗਤ ਨਾਲ 19 ਪ੍ਰਾਜੈਕਟਾਂ ਦਾ ਉਦਘਾਟਨ ਪੰਜਾਬ ਵਿਧਾਨ ਸਭਾ ਦੇ ਸਪਕੀਰ ਕੁਲਤਾਰ ਸਿੰਘ ਸੰਧਵਾਂ ਨੇ ਕੀਤਾ। ਸਪੀਕਰ ਸੰਧਵਾਂ ਨੇ ਕੋਟਕਪੂਰਾ ਦੇ ਸਕੂਲ ਡਾ. ਹਰੀ ਸਿੰਘ ਸੇਵਕ ਸਕੂਲ ਆਫ ਐਮੀਨੈਂਸ ਵਿੱਚ ਵੱਖ-ਵੱਖ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ। ਜਿਸ ਵਿੱਚ ਸਕੂਲ ਦੀ ਚਾਰਦੀਵਾਰੀ, ਕਲਾਸ ਰੂਮ, ਲੈਬ, ਪਖਾਨੇ, ਲਾਇਬ੍ਰੇਰੀ ਦਾ ਨਿਰਮਾਣ ਸ਼ਾਮਿਲ ਹਨ। ਇਸੇ ਤਰ੍ਹਾਂ ਸਰਕਾਰੀ ਪ੍ਰਾਇਮਰੀ ਸਕੂਲ ਹੀਰਾ ਸਿੰਘ ਨਗਰ ਵਿੱਚ ਬਣੇ ਨਵੇਂ ਕਮਰਿਆਂ ਅਤੇ ਰੈਂਪ ਦਾ ਉਦਘਾਟਨ ਕੀਤਾ। ਸਰਕਾਰੀ ਪ੍ਰਾਇਮਰੀ ਸਕੂਲ ਕੋਟਕੂਪਰਾ (ਲੜਕੇ) ਵਿੱਚ ਸਕੂਲ ਦੀ ਚਾਰਦੀਵਾਰੀ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਪ੍ਰੇਮ ਨਗਰ ਕੋਟਕਪੂਰਾ ਵਿੱਚ ਲੜਕੀਆਂ ਲਈ ਪਖਾਨੇ ਅਤੇ ਬੀਪੀਈਓ ਦਫਤਰ ਕੋਟਕਪੂਰਾ ਵਿੱਚ ਕਰਵਾਏ ਵਿਕਾਸ ਕੰਮਾਂ ਦਾ ਵੀ ਉਦਘਾਟਨ ਕੀਤਾ। ਸਕੂਲੀ ਬੱਚਿਆਂ ਨੂੰ 11-11 ਸੌ ਰੁਪਏ ਦੇਣ ਦਾ ਐਲਾਨ ਕੀਤਾ।
ਫਰੀਦਕੋਟ ਦੇ ਸਕੂਲਾਂ ਵਿੱਚ ਵੱਖ-ਵੱਖ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ
ਫ਼ਰੀਦਕੋਟ(ਨਿੱਜੀ ਪੱਤਰ ਪ੍ਰੇਰਕ): ਵਿਧਾਨ ਸਭਾ ਹਲਕਾ ਫਰੀਦਕੋਟ ਦੇ ਸਕੂਲਾਂ ਵਿੱਚ ਵੱਖ-ਵੱਖ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਕੀਤਾ। ਇਸ ਮੌਕੇ ਵੱਖ ਵੱਖ ਸਕੂਲਾਂ ਵਿੱਚ ਆਪਣੇ ਸੰਬੋਧਨ ਵਿੱਚ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਦੱਸਿਆ ਕਿ ਅੱਜ ਜ਼ਿਲ੍ਹੇ ਦੇ ਪਿੰਡ ਬੇਗੂਵਾਲਾ, ਘੁਗਿਆਣਾ ਅਤੇ ਝੋਟੀਵਾਲਾ ਦੇ ਸਕੂਲਾਂ ਵਿੱਚ ਵਿੱਚ ਪਿਛਲੇ ਤਿੰਨ ਸਾਲਾਂ ਦੌਰਾਨ ਕੀਤੇ ਵਿਕਾਸ ਕੰਮਾਂ ਦਾ ਉਦਘਾਟਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਅੱਜ ਹਲਕੇ ਦੇ ਸਰਕਾਰੀ ਮਿਡਲ ਸਕੂਲ ਬੇਗੂਵਾਲਾ ਵਿਖੇ 50 ਲੱਖ 27 ਹਜ਼ਾਰ 970 ਰੁਪਏ ਦੇ ਵੱਖ ਵੱਖ ਕੰਮਾਂ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਸਰਕਾਰੀ ਮਿਡਲ ਸਕੂਲ ਝੋਟੀਵਾਲਾ ਵਿੱਚ 10 ਲੱਖ 62 ਹਜ਼ਾਰ 500 ਰੁਪਏ ਦੀ ਲਾਗਤ ਨਾਲ ਬਣੀ ਸਕੂਲ ਦੀ ਚਾਰਦੀਵਾਰੀ ਦਾ ਉਦਘਾਟਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਘੁਗਿਆਣਾ ਵਿੱਚ 21 ਲੱਖ 10 ਹਜ਼ਾਰ 300 ਰੁਪਏ ਦੀ ਲਾਗਤ ਦੇ ਵਿਕਾਸ ਪ੍ਰਾਜੈਕਟਾਂ ਦਾ ਅੱਜ ਉਦਘਾਟਨ ਕੀਤਾ ਗਿਆ ਹੈ।