ਧਨੌਲਾ ’ਚ ਮੀਂਹ ਕਾਰਨ ਦਫ਼ਤਰ ਦੀ ਛੱਤ ਤਿਪਕਣ ਲੱਗੀ
ਧਨੌਲਾ ਦੇ ਪਾਵਰਕੌਮ ਦੀ ਪੁਰਾਣੀ ਖਸਤਾ ਹੋ ਚੁੱਕੀ ਇਮਾਰਤ ’ਚ ਕੰਮ ਕਰਨ ਵਾਲੇ ਮੁਲਜ਼ਮਾਂ ਨੂੰ ਹਰ ਵੇਲੇ ਜਾਨ ਦਾ ਖ਼ਤਰਾ ਬਣਿਆ ਰਹਿੰਦਾ ਹੈ। ਇਹ ਇਮਾਰਤ 2013-14 ’ਚ ਸਰਕਾਰੀ ਵਿਭਾਗ ਦੀ ਸਰਵੇ ਟੀਮ ਵੱਲੋਂ ਅਣਸਰੁੱਖਿਅਤ ਕਰਾਰ ਦਿੱਤੀ ਹੋਈ ਹੈ। ਇਸ ਇਮਾਰਤ ਦੀ ਛੱਤ ਤੋਂ ਜਗ੍ਹਾ-ਜਗ੍ਹਾ ਤੋਂ ਖਲੇਪੜ ਉੱਤਰ ਰਹੇ ਹਨ। ਹੁਣ ਪਿਛਲੇ ਤਿੰਨ ਦਿਨਾਂ ਤੋਂ ਪੈ ਰਹੀ ਭਾਰੀ ਬਰਸਾਤ ਕਾਰਨ ਛੱਤ ਤੋਂ ਤਿਪਕ ਰਹੀ ਹੈ ਤੇ ਬਰਸਾਤੀ ਪਾਣੀ ਕਾਰਨ ਦਫਤਰ ’ਚ ਪਿਆ ਕਾਗਜ਼ੀ ਰਿਕਾਰਡ ਅਤੇ ਕੰਪਿਊਟਰ ਖ਼ਰਾਬ ਹੋ ਗਏ ਹਨ ਅਤੇ ਦਫ਼ਤਰੀ ਮੁਲਜ਼ਮਾਂ ਨੂੰ ਦਫ਼ਤਰ ਤੋਂ ਬਾਹਰ ਖੜ੍ਹ ਕੇ ਵਕਤ ਲੰਘਾਉਣਾ ਪਿਆ ਹੈ। ਇੱਥੇ ਹੀ ਵੱਸ ਨਹੀਂ ਐੱਸਡੀਓ ਦੇ ਦਫ਼ਤਰ ਦੀ ਛੱਤ ਦਾ ਉੱਪਰਲਾ ਬੀਮ ਵਿੰਗਾ ਹੋਇਆ ਪਿਆ ਹੈ। ਵਿਭਾਗ ਦੇ ਅਧਿਕਾਰੀਆਂ ਵੱਲੋਂ ਕਈ ਵਾਰ ਆਪਣੇ ਉੱਚ ਅਧਿਕਾਰੀਆਂ ਨੂੰ ਅਣਸਰੁੱਖਿਅਤ ਇਮਾਰਤ ’ਚ ਕਿਸੇ ਹੋਰ ਇਮਾਰਤ ’ਚ ਤਬਦੀਲ ਕਰਨ ਲਈ ਲਿਖਿਆ ਗਿਆ ਹੈ ਪਰ ਹਾਲੇ ਤੱਕ ਕੋਈ ਕਾਰਵਾਈ ਅਮਲ ’ਚ ਨਹੀਂ ਲਿਆਂਦੀ ਗਈ। ਇਸ ਮੌਕੇ ਐੱਸਡੀਓ ਸਬ ਡਵੀਜ਼ਨ-2 ਲਖਬੀਰ ਸਿੰਘ, ਖ਼ਜ਼ਾਨਚੀ ਪਰਮਜੀਤ ਸਿੰਘ, ਸਤਵੰਤ ਕੌਰ, ਪਰਨੀਤ ਕੌਰ ਐੱਲਡੀਸੀ, ਹਰਪ੍ਰੀਤ ਸਿੰਘ ਐਲਡੀਸੀ, ਜਸਪ੍ਰਤਾਪ ਸਿੰਘ ਜੇਈ, ਇਕਬਾਲ ਸਿੰਘ ਐਲਡੀਸੀ ,ਗੁਰਦੀਪ ਸਿੰਘ ,ਜਸਵਿੰਦਰ ਕੌਰ ਐਲਡੀਸੀ, ਕਰਨ, ਅਰਸ਼ਦੀਪ ਸਿੰਘ ਕੈਸ਼ੀਅਰ ਤੇ ਸਮੂਹ ਸਟਾਫ ਮੌਜੂਦ ਸੀ। ਇਸ ਸਬੰਧੀ ਐਕਸੀਅਨ ਗਗਨਦੀਪ ਸਿੰਘ ਨੇ ਕਿਹਾ ਕਿ ਇਹ ਸਾਰਾ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਹੈ ਅਤੇ ਜਲਦੀ ਹੀ ਮੁਰੰਮਤ ਕਰਵਾਈ ਜਾਵੇਗੀ।