ਆੜ੍ਹਤੀਏ ਵੱਲੋਂ ਪਨਗਰੇਨ ’ਤੇ ਦੋਸ਼
ਲੰਬੀ ਹਲਕੇ ਵਿੱਚ ਮਿਠੜੀ ਬੁੱਧਗਿਰ ਖਰੀਦ ਕੇਂਦਰ ’ਤੇ ਆੜ੍ਹਤੀ ਵਰਿੰਦਰ ਸਿੰਘ ‘ਪੱਪੀ ਮਿਠੜੀ’ ਨੇ ਖਰੀਦ ਏਜੰਸੀ ਪਨਗਰੇਨ ’ਤੇ 12 ਹਜ਼ਾਰ ਗੱਟੇ ਝੋਨੇ ਦੀ ਲਿਫ਼ਟਿੰਗ ਲਈ ਸ਼ੈਲਰ ਨਾਲ ਟਰਾਂਸਪੋਰਟ ਖਰਚੇ ਵਜੋਂ ਕਥਿਤ 90 ਰੁਪਏ ਕੁਵਿੰਟਲ ਕਥਿਤ ‘ਸੈਟਿੰਗ’ ਲਈ ਦਬਾਅ ਦੇ ਗੰਭੀਰ ਦੋਸ਼ ਲਾਏ ਹਨ। 12 ਹਜ਼ਾਰ ਗੱਟੇ ਝੋਨੇ ਦੀ ਖਰੀਦ 11 ਨਵੰਬਰ ਨੂੰ ਹੋ ਚੁੱਕੀ ਹੈ। ਇਹ ਦੋਸ਼ ਲਾਇਆ ਗਿਆ ਕਿ ਸਥਾਨਕ ਖਰੀਦ ਦੇ ਬਗੈਰ ਲਗਪਗ ਚਾਰ ਹਜ਼ਾਰ ਤੇ ਕਰੀਬ ਢਾਈ ਹਜ਼ਾਰ ਗੱਟੇ ਬਾਹਰੀ ਝੋਨੇ ਦੀ ਕਥਿਤ ਖਰੀਦ ਨੂੰ ਸ਼ੈਲਰ ਖਾਤੇ ਚੜ੍ਹਾਇਆ ਗਿਆ, ਜਿਸ ਨਾਲ ਸਥਾਨਕ ਆੜ੍ਹਤੀਆਂ ਦਾ ‘ਅਸਲ’ ਖਰੀਦ ਝੋਨਾ ਸ਼ੈਲਰ ਦੇ ਨਿਰਧਾਰਤ ਸਮੱਰਥਾ ਤੋਂ ਬਾਹਰ ਹੋ ਗਿਆ।
ਵਰਿਦਰ ਸਿੰਘ ਦਾ ਕਹਿਣਾ ਹੈ ਕਿ ਅਲਾਟ ਸ਼ੈਲਰ ਦਾ ਕੋਟਾ 92 ਹਜ਼ਾਰ ਗੱਟਾ ਸੀ। ਉਸ ਦੀ ਫਰਮ ਕਸਵਾ ਟਰੇਡਿੰਗ ਕੰਪਨੀ ਦੇ 40 ਹਜ਼ਾਰ ਗੱਟੇ ਝੋਨਾ ਅਤੇ ਦੋ ਹੋਰਨਾਂ ਫਰਮਾਂ ਤੋਂ 46,675 ਗੱਟੇ ਝੋਨੇ ਦੀ ਖਰੀਦ ਸ਼ਾਮਲ ਸੀ। ਏਜੰਸੀ ਵੱਲੋਂ ਕਥਿਤ ਤੌਰ ’ਤੇ 6,500 ਗੱਟਿਆਂ ਦੀ ਜ਼ਬਰੀ ਬਿੱਲਿੰਗ ਕਰਕੇ ਸਾਰਾ ਸਿਸਟਮ ਵਿਗੜ ਗਿਆ। ਪੱਪੀ ਮਿਠੜੀ ਨੇ ਦੋਸ਼ ਲਾਇਆ ਕਿ ਪਟਿਆਲਾ ਜ਼ਿਲ੍ਹੇ ਦੇ ਇੱਕ ਸ਼ੈਲਰ ਦਾ ਆਰਓ ਕੱਟਣ ਮਗਰੋਂ ਏਜੰਸੀ ਵੱਲੋਂ ਆਪਣੀ ਖਾਮੀ ’ਤੇ ਲੁਕਾਉਣ ਲਈ ਕਥਿਤ ‘ਸੈਟਿੰਗ’ ਦਾ ਰਾਹ ਵਿਖਾਇਆ ਜਾ ਰਿਹਾ ਹੈ।
ਦੋਸ਼ ਬੇਬੁਨਿਆਦ: ਓਮ ਪ੍ਰਕਾਸ਼
ਪਨਗਰੇਨ ਦੇ ਇੰਸਪੈਕਟਰ ਓਮ ਪ੍ਰਕਾਸ਼ ਨੇ ਦੋਸ਼ ਖਾਰਜ ਕਰਦਿਆਂ ਕਿਹਾ ਕਿ ਖਰੀਦ ਮਗਰੋਂ ਝੋਨਾ ਚੁਕਵਾਉਣ ਏਜੰਸੀ ਦੀ ਜ਼ਿੰਮੇਵਾਰੀ ਹੈ। ਖ਼ਰੀਦ ਸਾਫ਼-ਸੁਥਰਾ ਤੇ ਪਾਰਦਰਸ਼ਿਤਾ ਨਾਲ ਹੋਈ ਹੈ। ਏ ਐੱਫ਼ ਐੱਸ ਓ ਸੰਦੀਪ ਕੁਮਾਰ ਨੇ ਕਿਹਾ ਕਿ ਕੋਈ ਅਜਿਹਾ ਮਾਮਲਾ ਨਹੀਂ ਹੈ। ਮਿਠੜੀ ਬੁੱਧਗਿਰ ’ਚ ਸਹੀ ਲਿਫ਼ਟਿੰਗ ਹੋ ਰਹੀ ਹੈ। ਮਾਮਲੇ ਸਬੰਧੀ ਜ਼ਿਲਾ ਫੂਡ ਸਪਲਾਈ ਕੰਟਰੋਲਰ ਨੇ ਕਈ ਕੋਸ਼ਿਸ਼ਾਂ ਦੇ ਬਾਵਜੂਦ ਕਾਲ ਰਸੀਵ ਨਹੀਂ ਕੀਤੀ।
