ਹਮਲਾਵਰਾਂ ਨੇ ਦੁਕਾਨਦਾਰ ’ਤੇ ਚਲਾਈਆਂ ਗੋਲੀਆਂ
ਇਥੇ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਨੇ ਦੁਕਾਨਦਾਰ ਅਤੇ ਮੁਹੱਲੇ ਵਿੱਚ ਗੋਲੀਆਂ ਚਲਾ ਕੇ ਦਹਿਸ਼ਤ ਮਚਾ ਦਿੱਤੀ। ਮੋਟਰਸਾਈਕਲ ਸਵਾਰ ਦੋ ਵਿਅਕਤੀ ਮੰਗਲਵਾਰ ਨੂੰ ਬਾਅਦ ਦੁਪਹਿਰ ਗੁਰਦੁਆਰਾ ਚੌਕ ਪਹੁੰਚੇ ਅਤੇ ਉਨ੍ਹਾਂ ਉਥੇ ਇੱਕ ਪੈਸਟੀਸਾਈਡ ਦੁਕਾਨਦਾਰ ’ਤੇ ਤਿੰਨ ਗੋਲੀਆਂ ਚਲਾਈਆਂ, ਇੱਕ ਗੋਲੀ ਦੁਕਾਨ ਦੇ ਸ਼ੀਸ਼ੇ ਵਿੱਚ ਲੱਗੀ ਅਤੇ ਦੋ ਜ਼ਮੀਨ ’ਤੇ ਲੱਗੀਆਂ। ਇਸ ਤੋਂ ਬਾਅਦ ਹਮਲਾਵਰਾਂ ਨੇ ਭਗਤ ਸਿੰਘ ਚੌਕ ਵਿੱਚ ਕੁਝ ਵਿਅਕਤੀਆਂ ’ਤੇ ਪਿਸਤੌਲ ਤਾਣ ਲਈ ਅਤੇ ਉਥੇ ਵੀ ਦੋ ਗੋਲੀਆਂ ਚਲਾਈਆਂ। ਬਾਅਦ ਵਿੱਚ ਹਮਲਾਵਰ ਫਰਾਰ ਹੋ ਗਏ। ਐੱਸ ਪੀ ਐੱਚ ਮਨਮੋਹਨ ਸਿੰਘ ਅਤੇ ਡੀ ਐੱਸ ਪੀ ਮਨਜੀਤ ਸਿੰਘ, ਥਾਣਾ ਸਿਟੀ-1 ਮਾਨਸਾ ਦੇ ਮੁਖੀ ਜਸਪ੍ਰੀਤ ਸਿੰਘ ਮੌਕੇ ’ਤੇ ਪਹੁੰਚੇ, ਪਰ ਹਮਲਾਵਰ ਫਰਾਰ ਹੋ ਚੁੱਕੇ ਸਨ। ਜਾਣਕਾਰੀ ਅਨੁਸਾਰ ਮੰਗਲਵਾਰ ਬਾਅਦ ਦੁਪਹਿਰ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਨੇ ਗੁਰੂ ਸ਼ਕਤੀ ਟਰੇਡਿੰਗ ਕੰਪਨੀ ਦੇ ਸਤੀਸ਼ ਕੁਮਾਰ ਨੀਟੂ ਦੇ ਦੁਕਾਨਦਾਰ ’ਤੇ ਗੋਲੀਬਾਰੀ ਕੀਤੀ। ਇਹ ਵਾਰਦਾਤ ਵਾਪਰਦੇ ਹੀ ਰੌਲਾ ਪੈ ਗਿਆ ਅਤੇ ਹਮਲਾਵਰ ਉਥੋਂ ਭੱਜ ਨਿਕਲੇ। ਬਾਅਦ ਵਿੱਚ ਭਗਤ ਸਿੰਘ ਚੌਕ ਵਿੱਚ ਉਨ੍ਹਾਂ ਮੋਟਰਸਾਈਕਲ ਕਿਸੇ ਔਰਤ ਨਾਲ ਟਰਕਾਅ ਗਿਆ ਅਤੇ ਉਹ ਜ਼ਮੀਨ ’ਤੇ ਡਿੱਗ ਪਏ। ਰਾਹਗੀਰਾਂ ਨੇ ਜਦੋਂ ਉਨ੍ਹਾਂ ਨੂੰ ਖੜ੍ਹਾ ਕਰਨ ਦੀ ਕੋਸ਼ਿਸ ਕੀਤੀ ਤਾਂ ਉਨ੍ਹਾਂ ਨੇ ਲੋਕਾਂ ’ਤੇ ਪਿਸਤੌਲ ਤਾਣ ਲਈ ਅਤੇ ਜ਼ਮੀਨ ’ਤੇ ਦੋ ਫਾਇਰ ਕਰਕੇ ਭੱਜ ਨਿਕਲੇ। ਪੁਲੀਸ ਨੇ ਭਗਤ ਸਿੰਘ ਚੌਕ ਵਿੱਚ ਲੱਗੇ ਸੀ ਸੀ ਟੀ ਵੀ ਕੈਮਰਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਉਧਰ ਥਾਣਾ ਸਿਟੀ-1 ਮਾਨਸਾ ਦੇ ਮੁਖੀ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਪੁਲੀਸ ਇਸ ਮਾਮਲੇ ਦੀ ਪੜਤਾਲ ਵਿੱਚ ਜੁਟੀ ਗਈ ਹੈ। ਉਨ੍ਹਾਂ ਦੱਸਿਆ ਕਿ ਵਾਰਦਾਤ ਵਿੱਚ ਵਰਤਿਆ ਗਿਆ ਮੋਟਰਸਾਈਕਲ ਅਤੇ ਇੱਕ ਮੋਬਾਈਲ ਫੋਨ ਬਰਾਮਦ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਘਟਨਾ ਸਥਾਨ ਨੇੜਲੇ ਲੱਗੇ ਸੀ ਸੀ ਟੀ ਵੀ ਕੈਮਰਿਆਂ ਨੂੰ ਵੀ ਘੋਖਿਆ ਜਾ ਰਿਹਾ ਹੈ।
ਅੱਜ ਮਾਨਸਾ ਬੰਦ ਦਾ ਸੱਦਾ
ਦੁਕਾਨਦਾਰ ’ਤੇ ਗੋਲੀਆਂ ਚਲਾਉਣ ਦੇ ਰੋਸ ਨੂੰ ਲੈ ਕੇ ਵਾਪਰ ਮੰਡਲ, ਧਾਰਮਿਕ ਜਥੇਬੰਦੀਆਂ ਅਤੇ ਹੋਰ ਸੰਸਥਾਵਾਂ ਨੇ ਭਲਕੇ 29 ਅਕਤੂਬਰ ਨੂੰ ਮਾਨਸਾ ਸ਼ਹਿਰ ਬੰਦ ਰੱਖਣ ਦਾ ਸੱਦਾ ਦਿੱਤਾ ਹੈ। ਜਥੇਬੰਦੀਆਂ ਨੇ ਸਵੇਰੇ ਸਾਢੇ ਅੱਠ ਵਜੇ ਲਕਸ਼ਮੀ ਨਰਾਇਣ ਇਸ ਸਬੰਧੀ ਇੱਕ ਮੀਟਿੰਗ ਵੀ ਰੱਖੀ ਗਈ ਹੈ। ਵਪਾਰ ਮੰਡਲ ਦੇ ਪ੍ਰਧਾਨ ਮੁਨੀਸ਼ ਬੱਬੀ ਦਾਨੇਵਾਲੀਆ ਨੇ ਦੱਸਿਆ ਕਿ ਮਾਨਸਾ ਦੇ ਭਰੇ ਬਾਜ਼ਾਰ ਵਿੱਚ ਸ਼ਰੇਆਮ ਇੱਕ ਦੁਕਾਨਦਾਰ ’ਤੇ ਗੋਲੀਆਂ ਚਲਾਉਣ ਦੇ ਕੀਤੇ ਹਮਲੇ ਨਾਲ ਦੁਕਾਨਦਾਰਾਂ, ਆਮ ਲੋਕਾਂ, ਵਪਾਰੀਆਂ ਵਿੱਚ ਡਰ ਦਾ ਮਾਹੌਲ ਹੈ। ਉਨ੍ਹਾਂ ਕਿਹਾ ਕਿ ਲੋਕ ਅਤੇ ਕਾਰੋਬਾਰੀ ਸੁਰੱਖਿਅਤ ਨਹੀਂ ਹਨ। ਇਸਦੇ ਮੱਦੇਨਜ਼ਰ ਮਾਨਸਾ ਸ਼ਹਿਰ ਬੰਦ ਰੱਖਕੇ ਰੋਸ ਪ੍ਰਗਟਾਇਆ ਜਾਵੇਗਾ।
