ਸ਼ਹਿਰਾਂ ਦੀ ਤਰਜ਼ ’ਤੇ ਬਦਲੇਗੀ ਪਿੰਡਾਂ ਦੀ ਨੁਹਾਰ: ਅਮੋਲਕ ਸਿੰਘ
ਵਿਧਾਇਕ ਵੱਲੋਂ ਇਹ ਖੁਲਾਸਾ ਪਿੰਡ ਰਾਮੇਆਣਾ ਵਿੱਚ ਦੋ ਛੱਪੜਾਂ ਦੇ ਪਾਣੀ ਦੀ ਪਿੰਡੋਂ ਬਾਹਰਵਾਰ ਨਿਕਾਸੀ ਕਰਨ ਲਈ ਪਾਈਪ ਲਾਈਨਾਂ ਵਿਛਾਉਣ ਦੇ ਪ੍ਰਗਤੀ ਕਾਰਜ ਦੇ ਉਦਘਾਟਨ ਸਮੇਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਿੱਖਿਆ ਅਤੇ ਸਿਹਤ ਤੋਂ ਇਲਾਵਾ ਪਿੰਡਾਂ ’ਚ ਉੱਚ ਪਾਏ ਦੀਆਂ ਲਾਇਬਰੇਰੀਆਂ ਅਤੇ ਖੇਡ ਮੈਦਾਨਾਂ ਦੀ ਸਥਾਪਤੀ ਮਾਨ ਸਰਕਾਰ ਦੇ ਤਰਜੀਹੀ ਏਜੰਡੇ ਵਿੱਚ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਹੁਣ ਤੱਕ ਪੰਜਾਬ ਦੇ ਨੌਜਵਾਨ ਬੱਚੇ-ਬੱਚੀਆਂ ਨੂੰ 55 ਹਜ਼ਾਰ ਤੋਂ ਵੱਧ ਨੌਕਰੀਆਂ ਦੇ ਚੁੱਕੀ ਹੈ।
ਇਸ ਮੌਕੇ ਮੌਜੂਦ ਪੰਜਾਬ ਵਾਟਰ ਐਂਡ ਸੀਵਰੇਜ ਬੋਰਡ ਦੇ ਸੀਨੀਅਰ ਵਾਈਸ ਚੇਅਰਮੈਨ ਧਰਮਜੀਤ ਸਿੰਘ ਰਾਮੇਆਣਾ ਨੇ ਦਾਅਵਾ ਕੀਤਾ ਕਿ ‘ਆਪ’ ਸਰਕਾਰ ਨੇ ਪਿਛਲੇ ਤਿੰਨ ਸਾਲਾਂ ਵਿੱਚ ਪਿੰਡ ਰਾਮੇਆਣਾ ਦੀ ਦਸ਼ਾ ਨਿਖਾਰਣ ਲਈ ਇੰਨਾ ਪੈਸਾ ਦਿੱਤਾ ਹੈ, ਜਿੰਨਾ ਕਿ ਪਿਛਲੇ ਪੰਜਾਹ ਸਾਲਾਂ ਦੀਆਂ ਸਰਕਾਰਾਂ ਨੇ ਨਹੀਂ ਦਿੱਤਾ। ਉਨ੍ਹਾਂ ਦੱਸਿਆ ਕਿ ‘ਮੇਰੇ ਵਿਭਾਗ ਵੱਲੋਂ ਜੈਤੋ ਹਲਕੇ ’ਚ ਪੀਣ ਵਾਲੇ ਪਾਣੀ ਅਤੇ ਸੀਵਰੇਜ ਸਹੂਲਤਾਂ ਲਈ ਰਿਕਾਰਡ ਫੰਡ ਜਾਰੀ ਕੀਤੇ ਗਏ ਹਨ’। ਟਰੱਕ ਅਪ੍ਰੇਟਰਜ਼ ਯੂਨੀਅਨ ਜੈਤੋ ਦੇ ਪ੍ਰਧਾਨ ਐਡਵੋਕੇਟ ਹਰਸਿਮਰਨ ਮਲਹੋਤਰਾ ਨੇ ਦੱਸਿਆ ਕਿ ਮਾਨ ਸਰਕਾਰ ਵੱਲੋਂ ਪਿੰਡ ਰਾਮੇਆਣਾ ਵਿੱਚ 5-6 ਏਕੜ ਵਿੱਚ ਆਲੀਸ਼ਾਨ ਸਟੇਡੀਅਮ ਉਸਾਰਨ ਦੀ ਤਜਵੀਜ਼ ਨੂੰ ਛੇਤੀ ਹੀ ਅਮਲੀ ਰੂਪ ਦੇਣ ਦੀਆਂ ਤਿਆਰੀਆਂ ਹਨ। ਉਨ੍ਹਾਂ ਦੱਸਿਆ ਕਿ ਸਟੇਡੀਅਮ ਦੀ ਉਸਾਰੀ ਫ਼ੁਰਤੀਲੇ ਢੰਗ ਨਾਲ ਨੇਪਰੇ ਚੜ੍ਹਾਈ ਜਾਵੇਗੀ।
ਇਸ ਮੌਕੇ ਮਾਰਕੀਟ ਕਮੇਟੀ ਜੈਤੋ ਦੇ ਚੇਅਰਮੈਨ ਡਾ. ਲਛਮਣ ਭਗਤੂਆਣਾ, ‘ਆਪ’ ਦੇ ਸੀਨੀਅਰ ਆਗੂ ਅਮਨ ਧਾਲੀਵਾਲ, ਹਰਜੀਤ ਸਿੰਘ ਸੋਢੀ, ਗੁਰਚੇਤਨ ਸਿੰਘ, ਸੰਤ ਰਾਮ, ਸੁਖਦੇਵ ਸਿੰਘ (ਸਾਰੇ ਪੰਚ) ਤੋਂ ਇਲਾਵਾ ਪਿੰਡ ਦੇ ਕਈ ਪਤਵੰਤੇ ਮੌਜੂਦ ਸਨ।
