ਪ੍ਰਸ਼ਾਸਨ ਨੇ ਆਜ਼ਾਦੀ ਘੁਲਾਟੀਆਂ ਨੂੰ ਘਰਾਂ ’ਚ ਭੇਜੇ ਦੁਸ਼ਾਲੇ
ਆਜ਼ਾਦੀ ਦਿਵਸ ’ਤੇ ਡੱਬਵਾਲੀ ਵਿੱਚ ਆਜ਼ਾਦੀ ਘੁਲਾਟੀਆਂ ਦੇ ਵਾਰਸਾਂ ਦਾ ਸਨਮਾਨ ਕਰਨ ਲਈ ਪ੍ਰਸ਼ਾਸਨ ਨੇ ਪਹਿਲਾਂ ਸਮਾਗਮ ਲਈ ਸੱਦਾ ਪੱਤਰ ਵੰਡੇ, ਪਰ ਕੁੱਝ ਘੰਟਿਆਂ ਮਗਰੋਂ ਆਜ਼ਾਦੀਆਂ ਘੁਲਾਟੀਆਂ ਦੇ ਘਰਾਂ ਵਿੱਚ ਦੁਸ਼ਾਲੇ ਭੇਜੇ ਦਿੱਤੇ। ਵਾਰਸਾਂ ਨੇ ਇਸ ਨੂੰ ‘ਸਨਮਾਨ’ ਨਹੀਂ, ਸਗੋਂ ‘ਅਪਮਾਨ’ ਕਰਾਰ ਦਿੱਤਾ ਹੈ। ਜਾਣਕਾਰੀ ਅਨੁਸਾਰ 14 ਅਗਸਤ ਨੂੰ ਕਾਨੂੰਨਗੋ ਸੁਖਮੰਦਰ ਸਿੰਘ ਨੇ ਆਜ਼ਾਦੀ ਘੁਲਾਟੀਆਂ ਦੇ ਵਾਰਸਾਂ ਨੂੰ ਸੱਦਾ ਪੱਤਰ ਵੰਡੇ, ਪਰ ਉਸੇ ਸ਼ਾਮ ਨੂੰ ਹੁਕਮ ਬਦਲ ਦਿੱਤਾ ਗਿਆ ਅਤੇ ਪਟਵਾਰੀ ਦੇਵੀ ਲਾਲ ਨੂੰ ਵਾਰਸਾਂ ਦੇ ਘਰ ’ਚ ਦੁਸ਼ਾਲੇ ਪਹੁੰਚਾਉਣ ਲਈ ਭੇਜਿਆ ਗਿਆ। ਜਦੋਂ ਕਾਰਨ ਪੁੱਛਿਆ ਤਾਂ ਜਵਾਬ ਮਿਲਿਆ ‘ਇਹ ਸਾਹਿਬ ਦੇ ਹੁਕਮ ਹਨ।’ ਆਜ਼ਾਦੀ ਘੁਲਾਟੀਏ ਗੁਰਦੇਵ ਸਿੰਘ ਸ਼ਾਂਤ ਦੇ ਪਰਿਵਾਰ ਨੇ ਦੁਸ਼ਾਲਾ ਲੈਣ ਤੋਂ ਨਾਂਹ ਕਰ ਦਿੱਤੀ। ਵਾਰਸਾਂ ਵੱਲੋਂ ਇਹ ਮੁੱਦਾ 15 ਅਗਸਤ ਨੂੰ ਉਪ ਮੰਡਲ ਸਮਾਰੋਹ ਮੌਕੇ ਐੱਸਡੀਐੱਮ ਅਰਪਿਤ ਸੰਗਲ ਦੇ ਸਨਮੁੱਖ ਵੀ ਉਠਾਇਆ ਗਿਆ। ਆਜ਼ਾਦੀ ਘੁਲਾਟੀਏ ਬੁੱਧ ਰਾਮ ਦੀ ਪੁੱਤਰੀ ਪਰਮਜੀਤ ਯਾਦਵ, ਲਾਲਾ ਰੁਲਦੂ ਰਾਮ ਦੇ ਪੁੱਤਰ ਤਰਸੇਮ ਗਰਗ ਅਤੇ ਗੁਰਦੇਵ ਸਿੰਘ ਸ਼ਾਂਤ ਦੇ ਪੁੱਤਰ ਨੇ ਕਿਹਾ ਕਿ ਉਹ ਦੁਸ਼ਾਲਿਆਂ ਦੇ ਭੁੱਖੇ ਨਹੀਂ ਹਨ। ਦੂਜੇ ਪਾਸੇ ਵੈਦ ਰਾਮਦਿਆਲ ਦੇ ਪੁੱਤਰ ਨਰਿੰਦਰ ਸ਼ਰਮਾ ਨੇ ਸਮਾਗਮ ਦਾ ਬਾਈਕਾਟ ਕੀਤਾ।
ਐੱਸਡੀਐੱਮ ਅਰਪਿਤ ਸੰਗਲ ਨੇ ਜਾਂਚ ਦਾ ਭਰੋਸਾ ਦਿੱਤਾ।
ਨਾਇਬ ਤਹਿਸੀਲਦਾਰ ਰਵੀ ਕੁਮਾਰ ਨੇ ਕਿਹਾ ਕਿ ਉਹ ਰਿਵਾੜੀ ਦੇ ਬਾਵਲ ਵਿੱਚ ਤਾਇਨਾਤ ਸਨ, ਉਦੋਂ ਕਰੋਨਾ ਕਾਰਨ ਇੱਕ ਦਿਨ ਪਹਿਲਾਂ ਹੀ ਦੁਸ਼ਾਲਾ ਆਜ਼ਾਦੀ ਘੁਲਾਟੀਆਂ ਦੇ ਘਰ ਭੇਜ ਦਿੱਤਾ ਜਾਂਦਾ ਸੀ, ਇੱਥੇ ਵੀ ਉਸੇ ਤਰ੍ਹਾਂ ਕੀਤਾ ਹੈ।
ਆਜ਼ਾਦੀ ਦੇ ਜਸ਼ਨਾਂ ਮੌਕੇ ਬੱਚਿਆਂ ਨੂੰ ਵੰਡੇ ਉੱਲੀ ਲੱਗੇ ਲੱਡੂ
ਡੱਬਵਾਲੀ ਵਿੱਚ ਆਜ਼ਾਦੀ ਦਿਵਸ ਸਮਾਰੋਹ ਦੌਰਾਨ ਗੁਰੂ ਗੋਬਿੰਦ ਸਿੰਘ ਖੇਡ ਸਟੇਡੀਅਮ ਵਿੱਚ ਸਕੂਲੀ ਬੱਚਿਆਂ ਨੂੰ ਉੱਲੀ ਲੱਗੇ ਲੱਡੂ ਵੰਡੇ ਗਏ। ਇਸ ਕਾਰਨ ਇੱਕ ਬੱਚੇ ਨੂੰ ਤੁਰੰਤ ਉਲਟੀ ਆ ਗਈ। ਲੱਡੂਆਂ ਦੇ ਪੈਕੇਟਾਂ ਤੋਂ ਖ਼ੁਲਾਸਾ ਹੋਇਆ ਕਿ ਇਹ ਡੱਬਵਾਲੀ ਦੀ ਇੱਕ ਦੁਕਾਨ ਤੋਂ ਮੰਗਵਾਏ ਗਏ ਸਨ। ਇਹ ਦੁਕਾਨ ਸਥਾਨਕ ਭਾਜਪਾ ਨੇਤਾ ਦੀ ਹੈ। ਵਿਰੋਧੀ ਧਿਰਾਂ ਦਾ ਦੋਸ਼ ਹੈ ਕਿ ਪ੍ਰਸ਼ਾਸਨ ਜਾਂਚ ਦੇ ਨਾਂ ’ਤੇ ਮਾਮਲਾ ਦਬਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਸਬੰਧੀ ਹਲਵਾਈ ਸੰਘ ਡੱਬਵਾਲੀ ਦੇ ਪ੍ਰਧਾਨ ਰਾਕੇਸ਼ ਸ਼ਰਮਾ ਨੇ ਕਿਹਾ ਕਿ ਨਮੀ ਕਾਰਨ ਲੱਡੂ ਖ਼ਰਾਬ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਉਹ ਪਿਛਲੇ 37 ਸਾਲਾਂ ਤੋਂ ਹਰ 15 ਅਗਸਤ ਤੇ 26 ਜਨਵਰੀ ਨੂੰ ਲਗਪਗ 2000 ਲੱਡੂ ਮੁਫ਼ਤ ਦਿੰਦੇ ਹਨ। ਐੱਸਡੀਐੱਮ ਅਰਪਿਤ ਸੰਗਲ ਨੇ ਜਾਂਚ ਦੇ ਹੁਕਮ ਦਿੱਤੇ ਹਨ। ਦੂਜੇ ਪਾਸੇ, ਸਿਹਤ ਵਿਭਾਗ ਦਾ ਕਹਿਣਾ ਹੈ ਕਿ ਲੱਡੂਆਂ ਦੀ ਪਹਿਲਾਂ ਜਾਂਚ ਹੋਈ ਸੀ। ਸੀਨੀਅਰ ਇਨੇਲੋ ਆਗੂ ਸੰਦੀਪ ਚੌਧਰੀ ਨੇ ਕਿਹਾ ਕਿ ਬੱਚਿਆਂ ਨੂੰ ਉੱਲੀ ਵਾਲੇ ਲੱਡੂ ਵੰਡਣਾ ਸ਼ਰਮਨਾਕ ਹੈ। ਉਨ੍ਹਾਂ ਮੰਗ ਕੀਤੀ ਕਿ ਫੂਡ ਸਪਲਾਈ ਵਿਭਾਗ ਤੇ ਹਲਵਾਈਆਂ ’ਤੇ ਸਖ਼ਤ ਕਾਰਵਾਈ ਹੋਵੇ। ਇਸੇ ਤਰ੍ਹਾਂ ਪਿੰਡ ਹੈਬੁਆਣਾ ਦੇ ਸਰਕਾਰੀ ਸਕੂਲ ’ਚ ਹੋਏ ਆਜ਼ਾਦੀ ਦਿਹਾੜੇ ਦੇ ਸਮਾਗਮ ਮੌਕੇ ਵੀ ਉੱਲੀ ਵਾਲੇ ਲੱਡੂ ਵੰਡੇ ਗਏ। ਲੱਡੂ ਖਾਣ ਨਾਲ ਸਰਪੰਚ ਜਗਦੀਪ ਸਿੰਘ ਦੀ ਸਿਹਤ ਖ਼ਰਾਬ ਹੋ ਗਈ। ਉਨ੍ਹਾਂ ਦੱਸਿਆ ਕਿ ਇਹ ਲੱਡੂ ਵੀ ਡੱਬਵਾਲੀ ਸਥਿਤ ਸਬੰਧਤ ਦੁਕਾਨ ਤੋਂ 2100 ਰੁਪਏ ਦੇ ਕੇ ਖ਼ਰੀਦੇ ਗਏ ਸਨ। ਪਿੰਡ ਵਿੱਚ ਇਸ ਘਟਨਾ ਨਾਲ ਰੋਹ ਦੀ ਲਹਿਰ ਹੈ।