ਰਸੂਖ਼ਦਾਨ ਵੱਲੋਂ ਕੀਤਾ ਨਾਜਾਇਜ਼ ਕਬਜ਼ਾ ਹਟਾਇਆ
ਗ੍ਰੀਨ ਟ੍ਰਿਬਿਊਨਲ ਵੱਲੋਂ ਫ਼ਰੀਦਕੋਟ-ਕੋਟਕਪੂਰਾ ਰੋਡ ’ਤੇ ਬਣੀ ਸ਼ਾਹੀ ਹਵੇਲੀ ਦੇ ਮਾਲਕਾਂ ਵੱਲੋਂ ਹਵੇਲੀ ਦੇ ਸਾਹਮਣੇ ਗ੍ਰੀਨ ਜ਼ੋਨ ਉੱਪਰ ਕੀਤੇ ਨਾਜਾਇਜ਼ ਕਬਜ਼ੇ ਨੂੰ ਅੱਜ ਪ੍ਰਸ਼ਾਸਨ ਨੇ ਹਟਾ ਦਿੱਤਾ। ਇਸ ਤੋਂ ਪਹਿਲਾਂ ਇਸ ਥਾਂ ’ਤੇ ਕੰਕਰੀਟ ਦੀ ਇਮਾਰਤ ਢਾਹ ਦਿੱਤੀ ਗਈ ਸੀ ਪ੍ਰੰਤੂ ਫਰਸ਼ ਅਤੇ ਕੁਝ ਹਿੱਸੇ ਨੂੰ ਨਹੀਂ ਛੇੜਿਆ ਗਿਆ ਸੀ। ਇਸ ਮਾਮਲੇ ਦੀ ਗ੍ਰੀਨ ਟ੍ਰਿਬਿਊਨਲ ਕੋਲ ਸ਼ਿਕਾਇਤ ਕਰਨ ਵਾਲੇ ਬਾਬਾ ਸ਼ੇਖ ਫਰੀਦ ਐਨਕਲੇਵ ਦੇ ਵਾਸੀਆਂ ਨੇ ਗ੍ਰੀਨ ਟ੍ਰਿਬਿਊਨਲ ਨੂੰ ਦੱਸਿਆ ਸੀ ਕਿ ਪ੍ਰਸ਼ਾਸਨ ਨੇ ਕਬਜ਼ਾ ਹਟਾਉਣ ਵੇਲੇ ਪੱਖਪਾਤ ਕੀਤਾ ਹੈ ਅਤੇ ਗ੍ਰੀਨ ਜ਼ੋਨ ’ਤੇ ਕੀਤੇ ਗੈਰਕਾਨੂੰਨੀ ਫਰਸ਼ ਨੂੰ ਤੋੜਿਆ ਨਹੀਂ ਗਿਆ ਅਤੇ ਨਾ ਹੀ ਪਖਾਨੇ ਢਾਹੇ ਗਏ ਹਨ। ਗ੍ਰੀਨ ਟ੍ਰਿਬਿਊਨਲ ਨੇ ਪ੍ਰਸ਼ਾਸਨ ਨੂੰ ਸਖ਼ਤ ਆਦੇਸ਼ ਦਿੱਤੇ ਸਨ ਕਿ ਜੇ ਮੁਕੰਮਲ ਨਾਜਾਇਜ਼ ਕਬਜ਼ਾ ਨਹੀਂ ਹਟਾਇਆ ਗਿਆ ਤਾਂ ਉਹ ਫੌਜਦਾਰੀ ਕੇਸ ਦੇ ਸਾਹਮਣੇ ਲਈ ਤਿਆਰ ਰਹਿਣ। ਇਸ ਤੋਂ ਬਾਅਦ ਅੱਜ ਜ਼ਿਲ੍ਹਾ ਪ੍ਰਸ਼ਾਸਨ ਨੇ ਭਾਰੀ ਪੁਲੀਸ ਫੋਰਸ ਤਾਇਨਾਤ ਕਰਕੇ ਜੇਸੀਬੀ ਮਸ਼ੀਨਾਂ ਨਾਲ ਸ਼ਾਹੀ ਹਵੇਲੀ ਸਾਹਮਣੇ ਗ੍ਰੀਨ ਜ਼ੋਨ ਉੱਪਰ ਹੋਏ ਨਾਜਾਇਜ਼ ਕਬਜ਼ੇ ਨੂੰ ਹਟਾ ਦਿੱਤਾ। ਇਹ ਸ਼ਾਹੀ ਹਵੇਲੀ ਆਪ ਦੇ ਆਗੂ ਅਰਸ਼ ਸੱਚਰ ਦੀ ਹੈ ਅਤੇ ਕਲੋਨੀ ਵਾਸੀ ਇਸ ਨਾਜਾਇਜ਼ ਕਬਜ਼ੇ ਨੂੰ ਛੁਡਵਾਉਣ ਲਈ ਪਿਛਲੇ ਕਰੀਬ ਪੰਜ ਸਾਲ ਤੋਂ ਕਾਨੂੰਨੀ ਲੜਾਈ ਲੜ ਰਹੇ ਸਨ। ਕਲੋਨੀ ਦੇ ਵਸਨੀਕ ਗੁਰਸ਼ਰਨ ਸਿੰਘ ਸਰਾ ਅਤੇ ਨਿਰਮਲ ਸਿੰਘ ਚਾਹਲ ਨੇ ਕਿਹਾ ਕਿ ਕਲੋਨੀ ਦੇ ਅੰਦਰ ਸਕੂਲ ਨੂੰ ਬੰਦ ਕਰ ਕੇ ਉੱਥੇ ਕਲੱਬ ਬਣਾਇਆ ਗਿਆ ਹੈ ਅਤੇ ਧਾਰਮਿਕ ਸਥਾਨ ਲਈ ਰਾਖਵੀਂ ਥਾਂ ਉੱਪਰ ਰਸੋਈ ਬਣਾਈ ਗਈ ਹੈ ਅਤੇ ਕਲੋਨੀ ਦੀ ਬੇਸ਼ੁਮਾਰ ਕੀਮਤੀ ਜਗਾ ਉੱਪਰ ਡਿਵੈਲਪਰ ਵੱਲੋਂ ਨਜਾਇਜ਼ ਕਬਜ਼ਾ ਕੀਤਾ ਗਿਆ ਹੈ ਅਤੇ ਇਸ ਸਬੰਧੀ ਹਾਈ ਕੋਰਟ ਵਿੱਚ ਕਾਰਵਾਈ ਚੱਲ ਰਹੀ ਹੈ ਅਤੇ ਜਲਦ ਹੀ ਉਹ ਨਾਜਾਇਜ਼ ਕਬਜ਼ੇ ਵੀ ਹਟਾਏ ਜਾਣਗੇ। ਅਰਸ਼ ਸੱਚਰ ਨੇ ਕਿਹਾ ਕਿ ਉਸ ਦੀ ਹਵੇਲੀ ਦੇ ਸਾਹਮਣੇ ਸਿਆਸੀ ਰੰਜਿਸ਼ ਤਹਿਤ ਫਰਸ਼ ਪੱਟਿਆ ਗਿਆ ਹੈ ਅਤੇ ਉਸ ਨੇ ਕੁਝ ਵੀ ਗੈਰਕਾਨੂੰਨੀ ਨਹੀਂ ਕੀਤਾ।