ਪਾਰਦਰਸ਼ੀ ਤੇ ਨਿਰਪੱਖ ਚੋਣਾਂ ਲਈ ਪ੍ਰਸ਼ਾਸਨ ਨੇ ਕਮਰ ਕੱਸੀ
ਸੂਬੇ ’ਚ 14 ਦਸੰਬਰ ਨੂੰ ਹੋ ਰਹੀਆਂ ਜ਼ਿਲ੍ਹਾ ਪਰਿਸ਼ਦ ਤੇ ਸਮਿਤੀ ਚੋਣਾਂ ਪਾਰਦਰਸ਼ੀ, ਨਿਰਪੱਖ ਅਤੇ ਸਾਂਤੀ ਪੂਰਵਕ ਕਰਾਉਣ ਲਈ ਪ੍ਰਸ਼ਾਸਨ ਨੇ ਕਮਰ ਕੱਸੇ ਕਰ ਲਏ ਹਨ। 17 ਦਸੰਬਰ ਨੂੰ ਵੋਟਾਂ ਦੀ ਗਿਣਤੀ ਤੋਂ ਬਾਅਦ ਨਤੀਜੇ ਐਲਾਨੇ ਜਾਣਗੇ। ਇਥੇ ਜਿਲ੍ਹਾ ਪ੍ਰਸ਼ਾਸਨ ਨੇ ਚੋਣ ਅਮਲੇ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਕਿ ਉਹ ਕਿਸੇ ਵੀ ਪਾਰਟੀ ਦਾ ਪੱਖ ਪੂਰੇ ਬਿਨਾਂ ਨਿਰਪੱਖਤਾ ਨਾਲ ਡਿਊਟੀ ਕਰਨ। ਡਿਪਟੀ ਕਮਿਸ਼ਨਰ ਸਾਗਰ ਸੇਤੀਆ ਨੇ ਦੱਸਿਆ ਕਿ ਪਾਰਦਰਸ਼ੀ, ਨਿਰਪੱਖ ਅਤੇ ਸ਼ਾਂਤੀਪੂਰਨ ਚੋਣਾਂ ਯਕੀਨੀ ਬਣਾਉਣ ਲਈ ਪ੍ਰਸ਼ਾਸਨ ਪੂਰੀ ਤਰ੍ਹਾਂ ਤਿਆਰ ਹੈ। ਜ਼ਿਲ੍ਹੇ ਵਿੱਚ ਕੁੱਲ 662 ਪੋਲਿੰਗ ਸਟੇਸ਼ਨਾਂ ਵਿੱਚੋਂ 70 ਅਤਿ ਸੰਵੇਦਨਸ਼ੀਲ ਬੂਥਾਂ ਦੀ ਪਛਾਣ ਕੀਤੀ ਗਈ ਹੈ। ਸੀਨੀਅਰ ਸਿਵਲ ਤੇ ਪੁਲੀਸ ਅਧਿਕਾਰੀਆਂ ਦਾ ਅਜਿਹੇ ਖੇਤਰਾਂ ਵਿੱਚ ਫੋਕਸ ਆਮ ਦੂਜੇ ਖੇਤਰਾਂ ਨਾਲੋਂ ਵੱਧ ਰਹੇਗਾ। ਉਨ੍ਹਾਂ ਕਿਹਾ ਕਿ ਅਮਲੇ ਨੂੰ ਆਦਰਸ਼ ਚੋਣ ਜ਼ਾਬਤੇ ਦੀ ਸਖ਼ਤੀ ਨਾਲ ਪਾਲਣਾ ਕਰਨ ਦੇ ਨਿਰਦੇਸ਼ ਦਿੱਤੇ ਹਨ। ਐੱਸ ਐੱਸ ਪੀ ਅਜੇ ਗਾਂਧੀ ਨੇ ਦੱਸਿਆ ਕਿ ਅਧਿਕਾਰੀਆਂ ਨੂੰ ਪੇਸ਼ੇਵਰ ਪੁਲਿਸਿੰਗ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਜ਼ਿਲ੍ਹੇ ਭਰ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ। ਸਮਾਜ ਵਿਰੋਧੀ ਅਨਸਰਾਂ ’ਤੇ ਤਿੱਖੀ ਨਜ਼ਰ ਰੱਖਣ ਅਤੇ ਆਮ ਲੋਕਾਂ ਵਿੱਚ ਵਿਸ਼ਵਾਸ ਪੈਦਾ ਕਰਨ ਲਈ ਫਲੈਗ ਮਾਰਚ ਕੱਢੇ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਪਾਰਦਰਸ਼ੀ, ਨਿਰਪੱਖ ਅਤੇ ਸ਼ਾਂਤੀਪੂਰਨ ਚੋਣਾਂ ਨੂੰ ਯਕੀਨੀ ਬਣਾਉਣ ਲਈ ਗਜ਼ਟਿਡ ਰੈਂਕ ਦੇ ਅਧਿਕਾਰੀਆਂ ਦੀ ਨਿਗਰਾਨੀ ਹੇਠ 400 ਮੁਲਜ਼ਮਾਂ ਬਾਹਰੋਂ ਚੋਣ ਡਿਉਟੀ ਉੂੱਤੇ ਪਹੁੰਚ ਚੁਕੇ ਹਨ ਅਤੇ ਜ਼ਿਲ੍ਹੇ ਵਿੱਚੋਂ ਕੁੱਲ 1500 ਪੁਲੀਸ ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਗਈ ਹੈ। ਲੋਕਾਂ ਨੂੰ ਭੈਅ ਮੁਕਤ ਹੋਕੇ ਵੋਟਾਂ ਪਾਉਣ ਲਈ ਫ਼ਲੈਗ ਮਾਰਚ ਕੀਤਾ ਗਿਆ।
