ਅਕਾਲੀ ਸਰਕਾਰ ਦੇ ਨੀਂਹ ਪੱਥਰ ’ਤੇ ਲਾਈ ਚੇਪੀ ਲਾਹੁਣਾ ਭੁੱਲਿਆ ਪ੍ਰਸ਼ਾਸਨ
ਸੂਬਾ ਸਰਕਾਰ ਜਿੱਥੇ ਵਿਕਾਸ ਕੰਮਾਂ ਨੂੰ ਲੈ ਕੇ ਲਗਾਤਾਰ ਨੀਂਹ ਪੱਥਰ ਰੱਖ ਰਹੀ ਹੈ, ਉਥੇ ਮਹਿਲ ਕਲਾਂ ਵਿੱਚ ਅਕਾਲੀ ਸਰਕਾਰ ਵੇਲੇ ਰੱਖੇ ਨੀਂਹ ਪੱਥਰ ’ਤੇ ਅਕਾਲੀ ਨੇਤਾਵਾਂ ਦੇ ਨਾਮ ਲੁਕੋ ਰੱਖੇ ਹਨ। ਕਸਬੇ ਦੇ ਬਲਾਕ ਵਿਕਾਸ ਅਤੇ ਪੰਚਾਇਤ ਦਫ਼ਤਰ ਦੇ ਵਿਹੜੇ ਲੱਗੇ ਨੀਂਹ ਪੱਥਰ ’ਤੇ ਮਰਹੂਮ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਅਤੇ ਸਾਬਕਾ ਮੰਤਰੀ ਗੋਬਿੰਦ ਸਿੰਘ ਕਾਂਝਲਾ ਦੇ ਨਾਮ ਉਪਰ ਲਗਾਈ ਟੇਪ ਨੂੰ ਵੀ ਇੱਕ ਵਰ੍ਹੇ ਤੋਂ ਵੱਧ ਸਮਾਂ ਬੀਤ ਗਿਆ ਹੈ, ਜਿਸਨੂੰ ਹਟਾਉਣਾ ਪ੍ਰਸ਼ਾਸਨ ਦੇ ਚਿੱਤ ਚੇਤੇ ਵੀ ਨਹੀਂ ਰਿਹਾ, ਜਿਸ ਨੂੰ ਲੈ ਕੇ ਅਕਾਲੀ ਦਲ ਇਤਰਾਜ਼ ਕਰ ਰਿਹਾ ਹੈ।
ਜ਼ਿਕਰਯੋਗ ਹੈ ਕਿ ਇਹ ਨੀਂਹ ਪੱਥਰ ਬੀਡੀਪੀਓ ਦਫ਼ਤਰ ਵਿੱਚ 20 ਦਸੰਬਰ 2011 ’ਚ ਮਹਿਲ ਕਲਾਂ ਨੂੰ ਸਬ ਤਹਿਸੀਲ ਦਾ ਦਰਜਾ ਦਿੱਤੇ ਜਾਣ ਸਮੇਂ ਪਟਿਆਲਾ ਡਿਵੀਜ਼ਨ ਦੇ ਤਤਕਾਲੀ ਕਮਿਸ਼ਨਰ ਐੱਸ ਆਰ ਲੱਧੜ ਵਲੋਂ ਰੱਖਿਆ ਗਿਆ ਸੀ। ਦੱਸਣਯੋਗ ਇਹ ਵੀ ਹੈ ਕਿ ਮਹਿਲ ਕਲਾਂ ਇਸ ਵੇਲੇ ਸਬ ਡਿਵੀਜ਼ਨ ਹੈ ਅਤੇ ਬੀਡੀਪੀਓ ਦਫ਼ਤਰ ਦੀ ਇਸੇ ਇਮਾਰਤ ਵਿੱਚ ਤਹਿਸੀਲਦਾਰ ਦਾ ਦਫ਼ਤਰ ਹੈ, ਜਦਕਿ ਐੱਸ ਡੀ ਐੱਮ ਦੀ ਰਿਹਾਇਸ਼ ਵੀ ਇੱਥੇ ਹੀ ਹੈ ਅਤੇ ਇੱਕ ਦਿਨ ਪਹਿਲਾਂ ਹੀ ਇੱਥੇ ਹਲਕਾ ‘ਆਪ’ ਵਿਧਾਇਕ ਵਲੋਂ ਹੜ੍ਹ ਪੀੜਤਾਂ ਨੂੰ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਮੁਆਵਜ਼ਾ ਰਾਸ਼ੀ ਦੇ ਚੈੱਕ ਦਿੱਤੇ ਗਏ ਸਨ, ਪਰ ਇਸ ਅਣਗਹਿਲੀ ਵੱਲ ਧਿਆਨ ਨਹੀਂ ਦਿੱਤਾ ਗਿਆ।
ਇਸ ਸਬੰਧੀ ਹਲਕੇ ਦੇ ਸੀਨੀਅਰ ਅਕਾਲੀ ਆਗੂ ਸੁਖਵਿੰਦਰ ਸਿੰਘ ਨਿਹਾਲੂਵਾਲ ਨੇ ਕਿਹਾ ਕਿ ਸਰਕਾਰ ਅਤੇ ਪ੍ਰਸ਼ਾਸਨ ਅਕਾਲੀ ਸਰਕਾਰ ਦੀਆਂ ਪ੍ਰਾਪਤੀਆਂ ਇਸ ਤਰ੍ਹਾਂ ਨਹੀਂ ਲੁਕੋਈਆਂ ਜਾਣੀਆਂ ਸ਼ੋਭਾ ਨਹੀਂ ਦਿੰਦੀਆਂ। ਉਨ੍ਹਾਂ ਨੀਂਹ ਪੱਥਰ ’ਤੇ ਲਗਾਈ ਟੇਪ ਤੁਰੰਤ ਲਾਹੁਣ ਦੀ ਮੰਗ ਕੀਤੀ।
ਫੋਟੋ ਕੈਪਸ਼ਨ -3 - ਮਹਿਲ ਕਲਾਂ ਦੇ ਬੀਡੀਪੀਓ ਦਫ਼ਤਰ ਵਿੱਚ ਨੀਂਹ ਪੱਥਰ 'ਤੇ ਲੱਗੀ ਟੇਪ ਦੀ ਝਲਕ। (ਫੋਟੋ : ਲਖਵੀਰ ਚੀਮਾ)