ਥਾਪਰ ਮਾਡਲ: ਖੂਹੀਆਂ ’ਚੋਂ ਗਾਰ ਕੱਢ ਕੇ ਛੱਪੜ ’ਚ ਸੁੱਟੀ
ਥਾਪਰ ਮਾਡਲ ਛੱਪੜਾਂ ਦੀ ਸਫ਼ਾਈ ਤਹਿਤ ਪਿੰਡ ਮਹਿਣਾ ਵਿੱਚ ਤਿੰਨ ਖੂਹੀਆਂ ਵਿੱਚੋਂ ਗਾਰ ਬਾਹਰ ਕੱਢ ਕੇ ਛੱਪੜ ਵਿੱਚ ਸੁੱਟੀ ਜਾ ਰਹੀ ਹੈ। ਇਸ ਨਾਲ ਛੱਪੜ ਦੀ ਸਫਾਈ ਲਈ ਵੱਖਰਾ ਖਰਚ ਸਰਕਾਰੀ ਖਜ਼ਾਨੇ ’ਤੇ ਦੋਹਰਾ ਬੋਝ ਪਾਵੇਗਾ। ਪਿੰਡ ਵਾਸੀਆਂ ਨੇ ਇਸ ਸਫਾਈ ਨੂੰ ਫਜ਼ੂਲ ਅਤੇ ਸਰਕਾਰੀ ਫੰਡਾਂ ਦਾ ਘਾਣ ਦੱਸਿਆ ਹੈ। ਜਾਣਕਾਰੀ ਅਨੁਸਾਰ, ਥਾਪਰ ਮਾਡਲ ਛੱਪੜਾਂ ਵਿੱਚ ਸਫ਼ਾਈ ਜਾਰੀ ਹੈ, ਜੋ ਪੰਚਾਇਤੀ ਰਾਜ ਵਿਭਾਗ ਲੰਬੀ ਦੀ ਨਿਗਰਾਨੀ ਹੇਠ ਹੋ ਰਹੀ ਹੈ। ਥਾਪਰ ਮਾਡਲ ਛੱਪੜਾਂ ਦਾ ਅਸਲ ਮਕਸਦ ਪਿੰਡਾਂ ਦੇ ਗੰਦੇ ਪਾਣੀ ਨੂੰ ਮੁੜ ਸਵੱਛ ਕਰਨਾ ਹੈ, ਜਿਸ ਵਿੱਚ ਤਿੰਨ ਖੂਹੀਆਂ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਪੰਚਾਇਤ ਮੈਂਬਰ ਹਰਭਗਵਾਨ ਸਿੰਘ ਮੁਤਾਬਕ, ਬੀਤੇ ਹਫ਼ਤੇ ਤੋਂ ਤਿੰਨ ਮਜ਼ਦੂਰ ਗਾਰ ਕੱਢ ਰਹੇ ਹਨ, ਪਰ 97 ਫੀਸਦੀ ਗਾਰ ਛੱਪੜ ਵਿੱਚ ਹੀ ਸੁੱਟੀ ਜਾ ਰਹੀ ਹੈ। ਕੁੱਲ ਗਾਰ ਦੀਆਂ ਕਰੀਬ 6-7 ਟਰਾਲੀਆਂ ਹਨ, ਜਿਨ੍ਹਾਂ ਵਿੱਚ ਵੱਡਾ ਹਿੱਸਾ ਛੱਪੜ ਵਿੱਚ ਖਪਾ ਦਿੱਤਾ ਗਿਆ।
ਪਿੰਡ ਵਾਸੀ ਇਕੱਤਰ ਸਿੰਘ, ਬਿਕਰਮਜੀਤ ਸਿੰਘ ਅਤੇ ਬਲਰਾਜ ਸਿੰਘ ਨੇ ਖਦਸ਼ਾ ਜਤਾਇਆ ਕਿ ਪਹਿਲਾਂ ਖੂਹੀਆਂ ਦੀ ਸਫ਼ਾਈ ’ਤੇ ਲੱਖਾਂ ਖਰਚੇ ਦਿਖਾ ਕੇ, ਫਿਰ ਛੱਪੜ ਵਿੱਚ ਸੁੱਟੀ ਗਾਰ ਦੀ ਸਫ਼ਾਈ ਦੇ ਹੋਰ ਲੱਖਾਂ ਦੇ ਬਿੱਲ ਬਣਾਏ ਜਾ ਸਕਦੇ ਹਨ, ਜਿਸ ਨਾਲ ਸਰਕਾਰੀ ਖਜ਼ਾਨੇ ਨੂੰ ਚੂਨਾ ਲੱਗਣ ਦਾ ਸੰਕੇਤ ਹੈ। ਨੌਜਵਾਨ ਸੰਦੀਪ ਕੁਮਾਰ ਨੇ ਕਿਹਾ ਕਿ ਛੱਪੜ ਵਿੱਚ ਵਜ਼ਨੀ ਗੰਦਗੀ ਰੋਕਣ ਲਈ ਜਾਲੀਆਂ ਲਗਾਈਆਂ ਗਈਆਂ ਸਨ, ਪਰ ਹੁਣ ਛੱਪੜ ਗੰਦਗੀ ਦਾ ਘਰ ਬਣ ਗਿਆ ਹੈ। ਪਿੰਡ ਵਾਸੀਆਂ ਨੇ ਸਫ਼ਾਈ ਕਾਰਜ ਸਬੰਧੀ ਉੱਚ ਪੱਧਰੀ ਨਿਗਰਾਨੀ ਅਤੇ ਜਾਂਚ ਮੰਗੀ ਹੈ। ਪੰਚਾਇਤੀ ਰਾਜ ਵਿਭਾਗ ਦੇ ਐੱਸਡੀਓ ਇਕਬਾਲ ਸਿੰਘ ਨੇ ਕਿਹਾ ਕਿ ਖੂਹੀਆਂ ਵਿੱਚਲੀ ਗਾਰ ਨੂੰ ਛੱਪੜ ਵਿੱਚ ਸੁੱਟਿਆ ਜਾਣਾ ਗ਼ਲਤ ਹੈ।
ਛੱਪੜ ਵਿੱਚ ਗਾਰ ਸੁੱਟਣਾ ਗ਼ਲਤ: ਜੇ ਈ਼
ਪਿੰਡ ਮਹਿਣਾ ਦੇ ਪੰਚਾਇਤੀ ਰਾਜ ਵਿਭਾਗ ਜੇ ਈ ਸੌਰਭ ਨੇ ਕਿਹਾ ਕਿ ਇਥੇ ਛੱਪੜ ਦੀ ਖੂਹੀ ਦੀ ਸਫਾਈ ਦੂਸਰਾ ਜੇ ਈ ਕਰਵਾ ਰਿਹਾ ਹੈ। ਲੰਬੀ ਬਲਾਕ ਦੇ 11 ਥਾਪਰ ਮਾਡਲ ਛੱਪੜਾਂ ਦੇ ਕੰਮ ਉਸੇ ਜੇ ਈ ਨੇ ਕਰਵਾਉਣੇ ਹਨ। ਜੇਕਰ ਮਹਿਣਾ ਵਿਚ ਖੂਹੀ ਵਿਚੋਂ ਦੀ ਗਾਰ ਕੱਢ ਕੇ ਛੱਪੜ ਵਿਚ ਸੁੱਟੀ ਜਾ ਰਹੀ ਹੈ ਤਾਂ ਬਿਲਕੁਲ ਗਲ਼ਤ ਹੈ। ਹੁਣੇ ਦੂਸਰੇ ਜੇ ਈ ਨੂੰ ਆਖਦੇ ਹਨ।