ਟੌਲ ਪਲਾਜ਼ਾ ਕਾਮਿਆਂ ਤੇ ਕੰਪਨੀ ਮਾਲਕਾਂ ਵਿਚਾਲੇ ਤਣਾਅ
9 ਦਿਨਾਂ ਦੀ ਤਨਖ਼ਾਹ ਨੂੰ ਲੈ ਕੇ ਕੋਟ ਕਰੋੜ ਕਲਾਂ ਟੌਲ ਪਲਾਜ਼ਾ ਦੇ ਕਾਮਿਆਂ ਤੇ ਕੰਪਨੀ ਮਾਲਕਾਂ ‘ਚ ਤਣਾਅ ਦਾ ਮਾਹੌਲ ਬਣ ਚੁੱਕਿਆ ਹੈ। ਪਲਾਜ਼ਾ ਦੇ ਕਾਮੇ 8 ਸਤੰਬਰ ਤੋਂ ਹੜਤਾਲ ’ਤੇ ਹਨ ਤੇ ਬੈਰੀਅਰ ਪਰਚੀ ਮੁਕਤ ਹੈ। ਅੱਜ ਸੂਬੇ ਦੀ ਟੌਲ ਪਲਾਜ਼ਾ ਵਰਕਰਜ਼ ਯੂਨੀਅਨ ਵੀ ਇਨ੍ਹਾਂ ਕਾਮਿਆਂ ਦੇ ਸਮਰਥਨ ’ਤੇ ਆ ਗਈ ਹੈ। ਜਥੇਬੰਦੀ ਵੱਲੋਂ ਸੰਘਰਸ਼ ਨੂੰ ਤਿੱਖਾ ਕਰਦਿਆਂ ਅੱਜ ਇੱਥੇ ਸੂਬਾ ਪੱਧਰੀ ਮੁਜ਼ਾਹਰਾ ਕੀਤਾ ਗਿਆ। ਮੁਜ਼ਾਹਰੇ ਦੀ ਅਗਵਾਈ ਜਥੇਬੰਦੀ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਲਾਡੀ ਤੇ ਸੀਨੀਅਰ ਮੀਤ ਪ੍ਰਧਾਨ ਰਾਜਵੰਤ ਸਿੰਘ ਖ਼ਾਲਸਾ ਵੱਲੋਂ ਕੀਤੀ ਗਈ। ਇਸੇ ਦੌਰਾਨ ਪਲਾਜ਼ਾ ਦੀ ਠੇਕੇਦਾਰ ਕੰਪਨੀ ਰਾਇਲ ਦੀਪ ਕੰਸਟਰੱਕਸ਼ਨ ਪ੍ਰਾਈਵੇਟ ਲਿਮਟਿਡ ਵੱਲੋਂ ਵਿੱਤੀ ਨੁਕਸਾਨ ਤੇ ਮਾਨਸਿਕ ਪਰੇਸ਼ਾਨੀ ਕਾਰਨ ਕਾਮਿਆਂ ਨੂੰ ਕਾਨੂੰਨੀ ਨੋਟਿਸ ਕੱਢ ਦਿੱਤਾ ਗਿਆ ਹੈ। ਸੂਬਾ ਪ੍ਰਧਾਨ ਦਰਸ਼ਨ ਸਿੰਘ ਲਾਡੀ ਨੇ ਦੱਸਿਆ ਕਿ ਅੱਜ ਦੇ ਰੋਸ ਧਰਨੇ ਵਿੱਚ ਪੰਜਾਬ ਦੇ ਕੌਮੀ ਸ਼ਾਹਰਾਹਾਂ ‘ਤੇ ਸਥਿਤ 54 ਵਿੱਚੋਂ 18 ਟੌਲ ਪਲਾਜ਼ਿਆਂ ਤੋਂ ਕਾਰਕੁਨ ਪੁੱਜੇ ਹਨ। ਅੱਜ ਦਾ ਧਰਨਾ ਸੰਕੇਤਕ ਹੈ। ਭਲਕੇ ਜਥੇਬੰਦੀ ਦੀ ਕੌਮੀ ਸ਼ਾਹਰਾਹ ਅਥਾਰਿਟੀ ਦੇ ਬਠਿੰਡਾ ਪ੍ਰਾਜੈਕਟ ਡਾਇਰੈਕਟਰ ਰਾਜੀਵ ਕੁਮਾਰ ਨਾਲ ਬੈਠਕ ਹੈ। ਉਸ ਬੈਠਕ ਵਿੱਚੋਂ ਜੇਕਰ ਕੋਈ ਹਾਂ ਪੱਖੀ ਹੁੰਗਾਰਾ ਨਹੀਂ ਮਿਲਦਾ ਤਾਂ ਅਗਲੀ ਕਾਰਵਾਈ ਵਜੋਂ ਇਸੇ ਕੰਪਨੀ ਦਾ ਕੌਮੀ ਸ਼ਾਹਰਾਹ ਨੰਬਰ 5 (ਫ਼ਿਰੋਜ਼ਪੁਰ-ਮੋਗਾ ਰੋਡ) ‘ਤੇ ਸਥਿਤ ਦਾਰਾਪੁਰ ਟੌਲ ਪਲਾਜ਼ਾ ਵੀ ਪਰਚੀ ਮੁਕਤ ਕਰ ਦਿੱਤਾ ਜਾਵੇਗਾ। ਲੋੜ ਪੈਣ ‘ਤੇ ਪੰਜਾਬ ਭਰ ਦੇ ਟੌਲ ਪਲਾਜ਼ੇ ਪਰਚੀ ਮੁਕਤ ਕੀਤੇ ਜਾਣਗੇ।
ਠੇਕੇਦਾਰ ਕੰਪਨੀ ਦੇ ਜਸਵਿੰਦਰ ਸਿੰਘ ਤੇ ਸਤਨਾਮ ਸਿੰਘ ਨੇ ਕਿਹਾ ਕਿ ਹੜਤਾਲੀ ਮੁਲਾਜ਼ਮਾਂ ਨੇ ਜਿੱਥੇ ਕੰਪਨੀ ਦਾ ਵੱਡਾ ਵਿੱਤੀ ਨੁਕਸਾਨ ਕੀਤਾ ਹੈ ਉੱਥੇ ਕੰਪਨੀ ਦੇ ਵੱਕਾਰ ਨੂੰ ਵੀ ਢਾਹ ਲਾਈ ਹੈ। ਉਨ੍ਹਾਂ ਦੱਸਿਆ ਕਿ ਜਥੇਬੰਦੀ ਦੇ ਸੂਬਾ ਪ੍ਰਧਾਨ ਲਾਡੀ ਸਮੇਤ 9 ਜਣਿਆਂ ਨੂੰ ਪਲਾਜ਼ੇ ’ਤੇ ਹੋ ਰਹੇ ਵਿੱਤੀ ਨੁਕਸਾਨ ਬਦਲੇ 5.10 ਲੱਖ ਪ੍ਰਤੀ ਦਿਨ ’ਤੇ 1 ਕਰੋੜ ਰੁਪਏ ਦੇ ਹਰਜਾਨੇ ਦਾ ਕਾਨੂੰਨੀ ਨੋਟਿਸ ਭੇਜਿਆ ਗਿਆ ਹੈ। ਜੇਕਰ ਉਕਤ ਲੋਕ ਇਸ ਵਿੱਚ ਅਸਫਲ ਹੁੰਦੇ ਹਨ ਤਾਂ ਇਨ੍ਹਾਂ ਖ਼ਿਲਾਫ਼ ਅਦਾਲਤੀ ਕਾਰਵਾਈ ਕੀਤੀ ਜਾਵੇਗੀ।