ਅਧਿਆਪਕਾਂ ਨੇ ਜ਼ਿਲ੍ਹਾ ਸਕੱਤਰੇਤ ਦਾ ਘਿਰਾਓ ਕੀਤਾ
ਇੱਥੇ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸਮਿਤੀ ਚੋਣਾਂ ਦੀ ਰਿਹਰਸਲ ਮੌਕੇ ਡੈਮੋਕ੍ਰੈਟਿਕ ਟੀਚਰਜ ਫਰੰਟ (ਡੀ ਟੀ ਐੱਫ) ਦੇ ਸੂਬਾ ਪ੍ਰਧਾਨ ਤੇ ਹੋਰਾਂ ਖ਼ਿਲਾਫ਼ ਪ੍ਰਸ਼ਾਸਨ ਵੱਲੋਂ ਅਨੁਸਾਸਨੀ ਕਾਰਵਾਈ ਤੋਂ ਰੋਹ ਵਿੱਚ ਆਏ ਅਧਿਆਪਕਾਂ ਨੇ ਜ਼ਿਲ੍ਹਾ ਸਕੱਤਰੇਤ ਦਾ ਘਿਰਾਓ ਕਰ ਕੇ ਨਾਅਰੇਬਾਜ਼ੀ ਕੀਤੀ।
ਡੀ ਟੀ ਐੱਫ ਪੰਜਾਬ ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ, ਮਾਸਟਰ ਕਾਡਰ ਯੂਨੀਅਨ ਦੇ ਸੂਬਾ ਪ੍ਰਧਾਨ ਬਲਜਿੰਦਰ ਸਿੰਘ ਧਾਲੀਵਾਲ, ਬੀ ਐਡ ਫਰੰਟ ਦੇ ਆਗੂ ਪ੍ਰਗਟਜੀਤ ਕਿਸ਼ਨਪੁਰਾ, ਬੀ ਐੱਲ ਓ ਯੂਨੀਅਨ ਦੇ ਜਸਵਿੰਦਰ ਸਿੰਘ ਨਿਹਾਲ ਸਿੰਘ ਵਾਲਾ, ਗੋਬਿੰਦ ਸਿੰਘ ਸਮਾਧ ਭਾਈ, ਈ ਟੀ ਯੂ ਤੋਂ ਸੁਰਿੰਦਰ ਸ਼ਰਮਾ, ਜੀ ਟੀ ਯੂ ਆਗੂ ਗੁਰਪ੍ਰੀਤ ਅੰਮੀਵਾਲ, ਬੀ ਕੇ ਯੂ (ਏਕਤਾ)-ਉਗਰਾਹਾਂ ਆਗੂ ਇਕਬਾਲ ਸਿੰਘ, 6635 ਅਧਿਆਪਕ ਯੂਨੀਅਨ ਤੋਂ ਸੁਰਿੰਦਰ ਕੰਬੋਜ, ਫਿਜੀਕਲ ਐਜੂਕੇਸ਼ਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਗਮੀਤ ਲੁਹਾਰਾ ਆਦਿ ਆਗੂਆਂ ਨੇ ਇਸ ਕਾਰਵਾਈ ਨੂੰ ਰੱਦ ਕਰਨ ਦੀ ਮੰਗ ਕਰਦੇ ਹੋਏ ਕਿਹਾ ਕਿ ਮਹਿਲਾ ਮੁਲਾਜ਼ਮਾਂ ਦੀ ਚੋਣਾਂ ਵਿੱਚ ਡਿਊਟੀ ਉਨ੍ਹਾਂ ਦੇ ਰਿਹਾਇਸ਼ੀ ਬਲਾਕਾਂ ਵਿੱਚ ਲਾਈ ਜਾਵੇ, ਬੀ ਐੱਲ ਓ ਦੀਆਂ ਚੋਣ ਡਿਊਟੀਆਂ ਕੱਟੀਆਂ ਜਾਣ ਅਤੇ ਅਧਿਆਪਕਾਂ ਤੋਂ ਗ਼ੈਰ-ਵਿਦਿਅਕ ਕੰਮ ਲੈਣੇ ਬੰਦ ਕੀਤੇ ਜਾਣ।
ਬੁਲਾਰਿਆਂ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਮਾਨ ਵਾਰ-ਵਾਰ ਦਾਅਵਾ ਕਰਦੇ ਹਨ ਕਿ ਅਧਿਆਪਕਾਂ ਤੋਂ ਪੜ੍ਹਾਉਣ ਤੋਂ ਇਲਾਵਾ ਕੋਈ ਹੋਰ ਕੰਮ ਨਹੀਂ ਲਿਆ ਜਾਂਦਾ ਪਰ ਹਕੀਕਤ ਕੁੱਝ ਹੋਰ ਹੈ। ਇਸ ਸਮੇਂ ਗੁਰਮੀਤ ਢੋਲੇਵਾਲ, ਪੈਨਸ਼ਨਰ ਯੂਨੀਅਨ ਤੋਂ ਸੁਖਦੇਵ ਸਿੰਘ, ਸਮਸ਼ੇਰ ਸਿੰਘ, ਜਗਵੀਰਨ ਕੌਰ, ਅਮਨਦੀਪ ਮਾਛੀਕੇ, ਗੁਰਮੀਤ ਸਿੰਘ ਝੋਰੜਾ, ਸੁਖਵਿੰਦਰ ਸਿੰਘ ਘੋਲੀਆ, ਬਲਜੀਤ ਸੇਖਾ, ਸੁਰਿੰਦਰ ਸਿੰਘ, ਪ੍ਰੇਮ ਕੁਮਾਰ ਪੈਨਸ਼ਨਰ ਐਸੋਸੀਏਸ਼ਨ, ਹਰਜਿੰਦਰ ਪੁਰਾਣੇਵਾਲਾ, ਸਵਰਨਦਾਸ, ਸੁਖਮੰਦਰ ਰਣਸੀਂਹ ਆਦਿ ਅਧਿਆਪਕ ਆਗੂ ਹਾਜ਼ਰ ਸਨ। ਖ਼ਬਰ ਲਿਖੇ ਜਾਣ ਤੱਕ ਡੀ ਸੀ ਦਫ਼ਤਰ ਦਾ ਘਿਰਾਓ ਜਾਰੀ ਸੀ।
