ਬੱਸ ਦੀ ਫੇਟ ਵੱਜਣ ਨਾਲ ਅਧਿਆਪਕ ਦੀ ਮੌਤ
ਮਾਨਸਾ-ਬਠਿੰਡਾ ਰੋਡ 'ਤੇ ਪੁਲੀਸ ਚੌਂਕੀ ਠੂਠਿਆਂਵਾਲੀ ਨਜ਼ਦੀਕ ਬੱਸ ਦੀ ਫੇਟ ਵੱਜਣ ਨਾਲ ਇੱਕ ਅਧਿਆਪਕ ਦੀ ਮੌਤ ਹੋ ਗਈ ਹੈ। ਉਹ ਸ਼ਾਮ ਸਮੇਂ ਆਪਣੀ ਡਿਊਟੀ ਤੋਂ ਮੋਟਰਸਾਈਕਲ 'ਤੇ ਘਰ ਪਰਤ ਰਿਹਾ ਸੀ। ਪੁਲੀਸ ਨੇ ਬੱਸ ਚਾਲਕ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਜੈਫੀ ਗੋਇਲ (30) ਪੁੱਤਰ ਜੀਤ ਕੁਮਾਰ ਵਾਰਡ ਨੰਬਰ 5 ਮਾਨਸਾ ਆਪਣੇ ਸਕੂਲ ਲਹਿਰਾਖਾਨਾ (ਬਠਿੰਡਾ) ਤੋਂ ਛੁੱਟੀ ਮਿਲਣ ਉਪਰੰਤ ਆਪਣੇ ਮੋਟਰਸਾਈਕਲ ’ਤੇ ਮਾਨਸਾ ਘਰ ਪਰਤ ਰਿਹਾ ਸੀ। ਪਿੰਡ ਠੂਠਿਆਂਵਾਲੀ ਲਾਗੇ ਉਸਦੇ ਮੋਟਰਸਾਈਕਲ ਨੂੰ ਇਕ ਬੱਸ ਨੇ ਟੱਕਰ ਮਾਰ ਦਿੱਤੀ, ਜਿਸ ਵਿੱਚ ਅਧਿਆਪਕ ਜੈਫੀ ਗੋਇਲ ਵਾਸੀ ਮਾਨਸਾ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਹ ਹਾਲੇ ਕੁਆਰਾ ਹੀ ਸੀ ਅਤੇ ਈਟੀਟੀ ਅਧਿਆਪਕ ਦੀ ਪੋਸਟ ’ਤੇ ਤਾਇਨਾਤ ਸੀ। ਠੂਠਿਆਂਵਾਲੀ ਪੁਲੀਸ ਚੌਕੀ ਇੰਚਾਰਜ ਗੁਰਤੇਜ ਸਿੰਘ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ 'ਤੇ ਬੱਸ ਚਾਲਕ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਗਈ ਹੈ। ਮ੍ਰਿਤਕ ਲਹਿਰਾ ਖਾਨਾ ਦੇ ਸਕੂਲ 'ਚ ਈ.ਟੀ.ਟੀ. ਅਧਿਆਪਕ ਸੀ। ਬੱਸ ਚਾਲਕ ਦੀ ਹਾਲੇ ਗ੍ਰਿਫਤਾਰੀ ਨਹੀ ਹੋਈ ਹੈ। ਡੈਮੋਕ੍ਰੇਟਿਕ ਟੀਚਰ ਫਰੰਟ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਕਰਮਜੀਤ ਸਿੰਘ ਤਾਮਕੋਟ ਤੇ ਹਰਦੀਪ ਸਿੰਘ ਸਿੱਧੂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਅਧਿਆਪਕਾਂ ਦੀਆਂ ਬਦਲੀਆਂ ਉਨ੍ਹਾਂ ਦੇ ਨੇੜਲੇ ਸ਼ਟੇਸ਼ਨ 'ਤੇ ਕੀਤੀਆਂ ਜਾਣ, ਜਿੱਥੇ ਡਿਊਟੀ ਕਰਨ ਲਈ ਉਨਾਂ ਨੂੰ ਇਸ ਤਰ੍ਹਾਂ ਲੰਬਾ ਸਫਰ ਨਾ ਕਰਨਾ ਪਵੇ।