ਤਲਵੰਡੀ ਸਾਬੋ ਜ਼ੋਨ ਦੀਆਂ ਖੇਡਾਂ ਸ਼ੁਰੂ
ਤਲਵੰਡੀ ਸਾਬੋ ਜ਼ੋਨ ਦੀਆਂ ਗਰਮ ਰੁੱਤ ਖੇਡਾਂ ਅੱਜ ਜ਼ੋਨਲ ਪ੍ਰਧਾਨ ਅਵਤਾਰ ਸਿੰਘ ਦੀ ਅਗਵਾਈ ਵਿੱਚ ਸ਼ੁਰੂ ਹੋਈਆਂ। ਜ਼ੋਨਲ ਜਨਰਲ ਸਕੱਤਰ ਗੁਰਜੰਟ ਸਿੰਘ ਚੱਠੇਵਾਲਾ ਨੇ ਦੱਸਿਆ ਕਿ ਵਾਲੀਬਾਲ ਲੜਕੀਆਂ (ਅੰਡਰ14) ਸਰਕਾਰੀ ਹਾਈ ਸਕੂਲ ਤਿਉਣਾ ਪੁਜਾਰੀਆਂ ਪਹਿਲੇ ਤੇ ਸਰਕਾਰੀ ਹਾਈ ਸਕੂਲ ਗਾਟਵਾਲੀ ਦੂਜੇ ਸਥਾਨ ’ਤੇ ਰਿਹਾ। ਸਰਕਲ ਕਬੱਡੀ (ਅੰਡਰ 14 ਕੁੜੀਆਂ) ਵਿੱਚ ਸਕੂਲ ਆਫ ਐਮੀਨੈਂਸ ਬੰਗੀ ਕਲਾਂ ਪਹਿਲੇ ਤੇ ਸਰਕਾਰੀ ਹਾਈ ਸਕੂਲ ਬੰਗੀ ਰੱਘੂ ਦੂਜੇ ਨੰਬਰ ’ਤੇ ਰਿਹਾ। ਕਬੱਡੀ ਨੈਸ਼ਨਲ ਸਟਾਈਲ (ਅੰਡਰ 14 ਕੁੜੀਆਂ) ਵਿੱਚ ਗੁਰੂ ਹਰਗੋਬਿੰਦ ਪਬਲਿਕ ਸਕੂਲ ਲਹਿਰੀ ਨੇ ਪਹਿਲਾ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਖਪੁਰਾ ਨੇ ਦੂਜਾ ਸਥਾਨ ਲਿਆ। ਰੱਸਾਕਸ਼ੀ (ਅੰਡਰ 19 ਲੜਕੀਆਂ) ਵਿੱਚ ਮਾਸਟਰ ਮਾਈਡ ਸਕੂਲ ਬੰਗੀ ਰੱਘੂ ਨੇ ਪਹਿਲਾ ਤੇ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਸਾਬੋ ਨੇ ਦੂਜਾ ਸਥਾਨ ਹਾਸਲ ਕੀਤਾ। ਖੋ-ਖੋ (ਅੰਡਰ14 ਕੁੜੀਆਂ) ਵਿੱਚ ਸਰਕਾਰੀ ਹਾਈ ਸਕੂਲ ਚੱਠੇਵਾਲਾ ਪਹਿਲੇ ਅਤੇ ਸਰਕਾਰੀ ਹਾਈ ਸਕੂਲ ਮਲਕਾਣਾ ਦੂਜੇ ਸਥਾਨ ’ਤੇ ਰਿਹਾ। ਖੋ-ਖੋ (19 ਕੁੜੀਆਂ) ’ਚ ਸਰਕਾਰੀ ਹਾਈ ਸਕੂਲ ਮਲਕਾਣਾ ਪਹਿਲੇ ਤੇ ਸ਼ਹੀਦ ਭਗਤ ਸਿੰਘ ਮੈਮੋਰੀਅਲ ਸਕੂਲ ਮਲਕਾਣਾ ਨੇ ਦੂਜੇ ਨੰਬਰ ’ਤੇ ਰਿਹਾ।
ਝੋਰੜਰੋਹੀ ਸਕੂਲ ਵਿੱਚ ਬਲਾਕ ਪੱਧਰੀ ਖੇਡਾਂ ਦੀ ਸ਼ੁਰੂਆਤ
ਕਾਲਾਂਵਾਲੀ ਖੇਤਰ ਦੇ ਪਿੰਡ ਝੋਰੜਰੋਹੀ ਵਿੱਚ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਬਲਾਕ ਪੱਧਰੀ ਖੇਡ ਮੁਕਾਬਲੇ ਕਰਵਾਏ ਗਏ। ਉਦਘਾਟਨ ਮੌਕੇ ਭਗਵੰਤ ਸਿੰਘ, ਗੁਰਮੇਲ ਸਿੰਘ, ਨਛੱਤਰ ਸਿੰਘ, ਕਮਲਜੀਤ ਸਿੰਘ, ਬਾਬਾ ਬਚਿੱਤਰ ਸਿੰਘ ਅਤੇ ਪ੍ਰਿੰਸੀਪਲ ਮਨੋਜ ਖੁਰਾਣਾ ਨੇ ਭਾਗੀਦਾਰਾਂ ਨੂੰ ਉਤਸ਼ਾਹਿਤ ਕੀਤਾ ਅਤੇ ਉਨ੍ਹਾਂ ਨੂੰ ਖੇਡਾਂ ਵਿੱਚ ਉਤਸ਼ਾਹ ਨਾਲ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਬਲਾਕ ਪੱਧਰੀ ਖੇਡ ਮੁਕਾਬਲਿਆਂ ਵਿੱਚ ਨੇੜਲੇ ਪਿੰਡਾਂ ਤੋਂ ਲਗਪਗ 400 ਸਕੂਲੀ ਬੱਚੇ ਖੇਡਾਂ ਵਿੱਚ ਹਿੱਸਾ ਲੈਣ ਲਈ ਖੁਸ਼ੀ ਨਾਲ ਪਹੁੰਚੇ। ਇਨ੍ਹਾਂ ਮੁਕਾਬਲਿਆਂ ਵਿੱਚ ਜੇਤੂ ਭਾਗੀਦਾਰਾਂ ਨੂੰ ਬਲਾਕ ਪੱਧਰੀ ਖੇਡਾਂ ਵਿੱਚ ਵਧੀਆ ਪ੍ਰਦਰਸ਼ਨ ਕਰਨ ਲਈ ਸਨਮਾਨਿਆ ਜਾਵੇਗਾ ਅਤੇ ਬਾਅਦ ਵਿੱਚ ਜ਼ਿਲ੍ਹਾ ਪੱਧਰੀ ਖੇਡਾਂ ਵਿੱਚ ਹਿੱਸਾ ਲੈਣ ਦਾ ਮੌਕਾ ਵੀ ਮਿਲੇਗਾ।