ਸਤਲੁਜ ਦੀ ਮਾਰ: ਵਿਧਾਨ ਸਭਾ ’ਚ ਗੂੰਜਿਆ ਹੜ੍ਹਾਂ ਦੇ ਕਹਿਰ ਦਾ ਮੁੱਦਾ
ਸਤਲੁਜ ਨੇੜੇ ਵੱਸਦੇ ਲੋਕ ਹਰ ਸਾਲ ਪਾਣੀ ਦੀ ਮਾਰ ਝੱਲਦੇ ਹਨ। ਬੇਸ਼ੱਕ ਬਰਸਾਤੀ ਪਾਣੀ ਰੋਕਿਆ ਨਹੀਂ ਜਾ ਸਕਦਾ ਪਰ ਹੜ੍ਹਾਂ ਤੋਂ ਬਚਾਉਣ ਲਈ ਉਪਾਅ ਜ਼ਰੂਰ ਕੀਤੇ ਜਾ ਸਕਦੇ ਹਨ ਪਰ ਸਮੇਂ ਦੀਆਂ ਸਰਕਾਰਾਂ ਨੇ ਪੁਰਾਣੀਆਂ ਘਟਨਾਵਾਂ ਤੋਂ ਕੋਈ ਸਬਕ ਨਹੀਂ ਸਿੱਖਿਆ। ਧਰਮਕੋਟ ਸਬ ਡਿਵੀਜ਼ਨ ’ਚ ਸਤਲੁਜ ਦੀ ਮਾਰ ਹੇਠ ਆਏ 29 ਪਿੰਡਾਂ ਵਿਚੋਂ ਪਿੰਡ ਮੇਹਰੂਵਾਲਾ, ਪਰਲੀਵਾਲਾ, ਬੱਸੀਆਂ ਸਮੇਤ ਚਾਰ ਪਿੰਡ ਉਜੜ ਗਏ ਹਨ ਅਤੇ ਉਨ੍ਹਾਂ ਦਾ ਨਾਮੋ ਨਿਸ਼ਾਨ ਖ਼ਤਮ ਹੋ ਗਿਆ ਹੈ। ਕਰੀਬ 6 ਹਜ਼ਾਰ ਏਕੜ ਫ਼ਸਲ ਤਬਾਹ ਹੋ ਗਈ। ਜਿਥੇ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਨੇ 70 ਸਾਲ ਤੋਂ ਹੜ੍ਹਾਂ ਦਾ ਸੰਤਾਪ ਰਹੇ ਇਨ੍ਹਾਂ ਲੋਕਾਂ ਦਾ ਮੁੱਦਾ ਵਿਧਾਨ ਸਭਾ ’ਚ ਚੁੱਕਿਆ ਉਥੇ ਇਸ ਹਲਕੇ ਤੋਂ ਹਾਕਮ ਧਿਰ ਆਗੂ ਅਤੇ ਅਧਿਆਪਕ ਯੂਨੀਅਨ ਦੇ ਸੰਘਰਸ਼ੀਲ ਆਗੂ ਜਸਵਿੰਦਰ ਸਿੰਘ ਸਿੱਧੂ ਦੀ ਹਾਜ਼ਰੀ ਵਿੱਚ ਪਿੰਡ ਭੈਣੀ ਦੀ ਸੱਥ ’ਚ ਲੋਕਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਵੀ ਉਨ੍ਹਾਂ ਵੱਲੋਂ ਕੀਤਾ ਗਿਆ ਵਾਅਦਾ ਵੀ ਚੇਤਾ ਕਰਵਾਇਆ ਹੈ।
ਲਾਡੀ ਢੋਸ ਨੇ ਵਿਧਾਨ ਸਭਾ ’ਚ ਧਰਮਕੋਟ ਖ਼ੇਤਰ ’ਚ ਉਕਤ ਤਬਾਹੀ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਮਰਹੂਮ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਵੱਲੋਂ ਸਾਲ 1955 ਵਿੱਚ ਸਤਲੁਜ ’ਤੇ ਨਵੇਂ ਬੰਨ੍ਹ ਲਈ ਸਰਵੇ ਕਰਵਾਇਆ ਸੀ। ਜੇਕਰ ਕੇਂਦਰ ਕੈਰੋਂ ਸਰਵੇ ਬੰਨ੍ਹ ਨੂੰ ਮਨਜ਼ੂਰੀ ਦੇ ਦਿੰਦੀ ਹੈ ਤਾਂ ਕਈ ਪਿੰਡ ਸਤਲੁਜ ਦੇ ਘੇਰੇ ਤੋਂ ਬਾਹਰ ਆ ਜਾਣਗੇ ਅਤੇ ਖੇਤੀਬਾੜੀ ਤਕਰੀਬਨ ਪੰਜ ਹਜ਼ਾਰ ਰਬਕਾ ਵੀ ਹੜ੍ਹਾਂ ਦੀ ਮਾਰ ਤੋਂ ਸੁਰੱਖਿਅਤ ਹੋ ਜਾਵੇਗਾ।
ਪਿੰਡ ਭੈਣੀ ਵਿੱਚ ਸੱਥ ’ਚ ਲੋਕਾਂ ਨੇ ਹਾਕਮ ਧਿਰ ਆਗੂ ਜਸਵਿੰਦਰ ਸਿੰਘ ਸਿੱਧੂ ਦੀ ਹਾਜ਼ਰੀ ਵਿਚ ਦੱਸਿਆ ਕਿ ਜੇਕਰ ਸਰਕਾਰਾਂ ਨੇ ਇਧਰ ਧਿਆਨ ਨਾ ਦਿੱਤਾ ਤਾਂ ਇੱਕ ਦਿਨ ਇਹ ਪਿੰਡ ਨਕਸੇ ਤੋਂ ਮਿੱਟ ਜਾਣਗੇ।
ਪਿੰਡ ਭੈਣੀ ਦੇ ਕੁੱਲ ਰਕਬਾ 630 ਕਿੱਲੇ ’ਚੋਂ 330 ਕਿੱਲੇ ਜ਼ਮੀਨ ਸਰਕਾਰ ਨੇ ਬੰਨ੍ਹ ਮਾਰ ਕੇ ਦਰਿਆ ਦੇ ਹਵਾਲੇ ਕਰ ਦਿੱਤੀ ਪਰ ਲੋਕ 70 ਸਾਲ ਯਾਨੀ 1955 ਤੋਂ ਹੜ੍ਹਾਂ ਦਾ ਸੰਤਾਪ ਭੋਗ ਰਹੇ ਹਨ। ਜਿੰਨੀਆਂ ਵੀ ਸਰਕਾਰਾਂ ਆਈਆਂ, ਕਿਸੇ ਨੇ ਪੱਕਾ ਹੱਲ ਕੱਢਣ ਦੀ ਕੋਸ਼ਿਸ਼ ਨਹੀਂ ਕੀਤੀ। ਉਨ੍ਹਾਂ ਦੱਸਿਆ ਕਿ ਮਰਹੂਮ ਸੰਸਦ ਮੈਂਬਰ ਜ਼ੋਰਾ ਸਿੰਘ ਮਾਨ, ਬਲਰਾਮ ਜਾਖੜ, ਸਾਬਕਾ ਕੈਬਨਿਟ ਮੰਤਰੀ ਤੋਤਾ ਸਿੰਘ ਤੇ ਹੋਰ ਕਈ ਆਗੂਆਂ ਅੱਗੇ ਉਨ੍ਹਾਂ ਇਹ ਬੰਨ੍ਹ ਬਣਾਉਣ ਦੀ ਮੰਗ ਰੱਖੀ। ਮਾਲ ਰਿਕਾਰਡ ਵਿੱਚ ਅੱਜ ਵੀ ਇਸ ਬੰਨ੍ਹ ਦਾ ਰਿਕਾਰਡ ਬੋਲਦਾ ਹੈ। ਜਦੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੜ੍ਹਾਂ ਦੌਰਾਨ ਸਾਲ 2019 ਸੰਸਦ ਮੈਂਬਰ ਹੁੰਦਿਆਂ ਇਥੇ ਆਏ ਤਾਂ ਉਨ੍ਹਾਂ ਦੇ ਧਿਆਨ ਵਿਚ ਵੀ ਸਮੱਸਿਆ ਲਿਆਂਦੀ ਗਈ। ਉਨ੍ਹਾਂ ਭਰੋਸਾ ਵੀ ਦਿੱਤਾ ਕਿ ਉਲ ਲੋਕ ਸਭਾ ਵਿਚ ਇਹ ਮੰਗ ਉਠਾਉਣਗੇ।
ਹਾਕਮ ਧਿਰ ਜਸਵਿੰਦਰ ਸਿੰਘ ਸਿੱਧੂ ਨੇ ਆਖਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਪੀਲ ਕਰਦਾ ਹਾਂ ਕਿ ਲੋਕ ਪੱਕਾ ਹੱਲ ਚਾਹੁੰਦੇ ਹਨ।