ਝੋਨੇ ਦੀ ਫ਼ਸਲ ’ਤੇ ਚੀਨੀ ਵਾਇਰਸ ਦੇ ਹਮਲੇ ਦਾ ਸਰਵੇਖਣ ਸ਼ੁਰੂ
ਹੜ੍ਹਾਂ ਤੋਂ ਬਾਅਦ ਪੰਜਾਬ ਦੇ ਖੇਤੀ ਮਾਹਿਰਾਂ ਵੱਲੋਂ ਰਾਜ ਵਿਚਲੇ ਸੱਤ ਜ਼ਿਲ੍ਹਿਆਂ ਵਿੱਚ ਚੀਨੀ ਵਾਇਰਸ ਦਾ ਹਮਲਾ ਹੋਣ ਸਬੰਧੀ ਦਿੱਤੀ ਚਿਤਾਵਨੀ ਤੋਂ ਬਾਅਦ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਡਾਇਰੈਕਟਰ ਡਾ. ਜਸਵੰਤ ਸਿੰਘ ਦੇ ਹੁਕਮਾਂ ’ਤੇ ਖੇਤੀਬਾੜੀ ਵਿਭਾਗ ਦੀ ਟੀਮ ਨੇ ਮਾਨਸਾ ਜ਼ਿਲ੍ਹੇ ਦੇ ਇੱਕ ਦਰਜਨ ਤੋਂ ਵੱਧ ਪਿੰਡਾਂ ਦੇ ਝੋਨੇ ਵਾਲੇ ਖੇਤਾਂ ਦਾ ਸਰਵੇਖਣ ਕੀਤਾ। ਇਨ੍ਹਾਂ ਪਿੰਡਾਂ ਵਿੱਚ ਕਿਸ਼ਨਗੜ੍ਹ ਫਰਵਾਹੀ, ਕੁਸਲਾ, ਫੱਤਾ ਮਾਲੋਕਾ, ਧਿੰਗੜ, ਝੰਡਾ ਖੁਰਦ, ਕਾਸਿਮਪੁਰ ਛੀਨਾ, ਭੀਖੀ, ਸੰਘਾ, ਬਰਨਾਲਾ, ਕਾਹਨਗੜ੍ਹ, ਬਖਸ਼ੀਵਾਲਾ, ਦਾਤੇਵਾਸ, ਦਲੀਏਵਾਲੀ ਤੇ ਬੀਰੇਵਾਲਾ ਸ਼ਾਮਲ ਹਨ। ਚੀਨੀ ਵਾਇਰਸ ਦੇ ਹਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਜ਼ਿਲ੍ਹੇ ਵਿੱਚ ਸਰਵੇਖਣ ਵਾਸਤੇ ਪੰਜਾਂ ਬਲਾਕਾਂ ਵਿੱਚ ਲਗਾਤਾਰ ਸਰਵੇ ਦੇ ਆਦੇਸ਼ ਕੀਤੇ ਗਏ ਹਨ। ਮੁੱਖ ਖੇਤੀਬਾੜੀ ਅਫ਼ਸਰ ਡਾ. ਹਰਪ੍ਰੀਤ ਪਾਲ ਕੌਰ ਨੇ ਮੁੜ ਦੁਹਰਾਇਆ ਕਿ ਜ਼ਿਲ੍ਹੇ ਵਿੱਚ ਚੀਨੀ ਵਾਇਰਸ ਨਹੀਂ ਵੇਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜਿੱਥੇ ਝੋਨੇ ਦੀ ਫ਼ਸਲ ਨਿੱਸਰ ਗਈ ਹੈ, ਉੱਥੇ ਕਿਸੇ ਵੀ ਤਰ੍ਹਾਂ ਦੀ ਸਪਰੇਅ ਕਰਨ ਦੀ ਲੋੜ ਨਹੀਂ ਹੈ। ਇਸ ਤੋਂ ਇਲਾਵਾ ਜਿਹੜਾ ਝੋਨਾ ਹਾਲੇ ਨਿੱਸਰਿਆ ਨਹੀਂ, ਉਸ ਉੱਪਰ ਉੱਲੀ ਨਾਸ਼ਕ ਦੀ ਇੱਕ ਸਪਰੇਅ ਕੀਤੀ ਜਾ ਸਕਦੀ ਹੈ। ਜ਼ਿਕਰਯੋਗ ਹੈ ਕਿ ਮਾਨਸਾ ਤੋਂ ਇਲਾਵਾ ਸੰਗਰੂਰ, ਪਟਿਆਲਾ, ਫ਼ਤਿਹਗੜ੍ਹ ਸਾਹਿਬ, ਮੁਹਾਲੀ, ਪਠਾਨਕੋਟ ਅਤੇ ਰੂਪਨਗਰ ਜ਼ਿਲ੍ਹਿਆਂ ਵਿੱਚ ਚੀਨੀ ਵਾਇਰਸ ਦੇ ਹਮਲੇ ਦੀ ਰਿਪੋਰਟ ਸਾਹਮਣੇ ਆਉਣ ਬਾਅਦ ਇਨ੍ਹਾਂ ਜ਼ਿਲ੍ਹਿਆਂ ਵਿੱਚ ਬਕਾਇਦਾ ਸਰਵੇ ਕਰਨ ਦੇ ਸਰਕਾਰੀ ਤੌਰ ’ਤੇ ਆਦੇਸ਼ ਦਿੱਤੇ ਗਏ ਹਨ।
ਮਾਨਸਾ ਦੇ ਜ਼ਿਲ੍ਹਾ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਟੀਮਾਂ ਦੇ ਸਰਵੇਖਣ ਅਨੁਸਾਰ ਜੇਕਰ ਖੇਤ ਵਿਚ ਇਨ੍ਹਾਂ ਕੀੜਿਆਂ ਵਿੱਚ ਚਿੱਟੀ ਪਿੱਠ ਵਾਲੇ ਟਿੱਡੇ ਅਤੇ ਭੂਰੇ ਟਿੱਡੇ ਸ਼ਾਮਲ ਹਨ ਤਾਂ ਇਨ੍ਹਾਂ ਟਿੱਡਿਆਂ ਦੇ ਬੱਚੇ ਅਤੇ ਵੱਡੇ ਟਿੱਡੇ ਦੋਵੇਂ ਹੀ ਬੂਟੇ ਦਾ ਰਸ, ਜੁਲਾਈ ਤੋਂ ਅਕਤੂਬਰ ਤੱਕ ਚੂਸਦੇ ਹਨ, ਜਿਸ ਨਾਲ ਫ਼ਸਲ ਧੌੜੀਆਂ ਵਿੱਚ ਸੁੱਕ ਜਾਂਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਪਹਿਲੇ ਬੂਟੇ ਸੁੱਕ ਜਾਂਦੇ ਹਨ ਤਾਂ ਟਿੱਡੇ ਫਿਰ ਨੇੜੇ ਦੇ ਨਰੋਏ ਬੂਟਿਆਂ ’ਤੇ ਚਲੇ ਜਾਂਦੇ ਹਨ। ਕੁਝ ਹੀ ਦਿਨਾਂ ਵਿੱਚ ਹਮਲੇ ਵਾਲੇ ਥਾਵਾਂ ਵਿੱਚ ਬਹੁਤ ਵਾਧਾ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਹਮਲੇ ਤੋਂ ਬਚਾਅ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀਆਂ ਸਿਫਾਰਸ਼ ਵਾਲੀਆਂ ਸਪਰੇਆਂ ਕਰਨੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਖੇਤ ਵਿੱਚ ਪੱਤਾ ਲਪੇਟ ਸੁੰਡੀ ਦੇਖੀ ਜਾਂਦੀ ਹੈ ਤਾਂ ਉਸਦਾ ਈ ਟੀ ਐੱਲ ਲੇਵਲ, ਜਿੱਥੇ ਪੱਤਿਆਂ ਦਾ ਨੁਕਸਾਨ 10 ਫੀਸਦੀ ਹੋਵੇ, ਉੱਥੇ ਪੰਜਾਬ ਖੇਤੀਬਾੜੀ ਯੂਨੀਵਰਸਿਟੀਆਂ ਦੀਆਂ ਸਿਫ਼ਾਰਿਸਾਂ ਮੁਤਾਬਿਕ ਸਪਰੇਅ ਕਰੋ।