ਸਨੀ ਕਤਲਕਾਂਡ: ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਧਰਨਾ
ਖੇਤਰ ਦੇ ਪਿੰਡ ਤਿਲੋਕੇਵਾਲਾ ਕੈਂਚੀਆਂ ’ਤੇ ਚਿਕਨ ਕਾਰਨਰ ਚਲਾਉਣ ਵਾਲੇ ਗੁਰਮੇਸ਼ ਸਿੰਘ ਦੇ ਪੁੱਤਰ ਸਨੀ ਦੀ ਕੁਝ ਹਮਲਾਵਰਾਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਹੱਤਿਆ ਕਰਨ ਦੇ ਮਾਮਲੇ ਵਿੱਚ ਪਿੰਡ ਵਾਸੀਆਂ ਨੇ ਪਿੰਡ ਤਿਲੋਕੇਵਾਲਾ ਨੇੜੇ ਕਾਲਾਂਵਾਲੀ-ਰੋੜੀ ਸੜਕ ’ਤੇ ਜਾਮ ਲਾ ਦਿੱਤਾ। ਪਿੰਡ ਵਾਸੀ ਸਾਰੇ ਮੁਲਜ਼ਮਾਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕਰ ਰਹੇ ਸਨ। ਇਸ ਧਰਨੇ ਦੀ ਸੂਚਨਾ ਮਿਲਣ ’ਤੇ ਕਾਲਾਂਵਾਲੀ ਦੇ ਡੀਐਸਪੀ ਸੰਦੀਪ ਧਨਖੜ, ਥਾਣਾ ਇੰਚਾਰਜ ਸੁਨੀਲ ਕੁਮਾਰ ਅਤੇ ਸੀਆਈਏ ਸਟਾਫ ਇੰਚਾਰਜ ਸੁਰੇਸ਼ ਕੁਮਾਰ ਟੀਮ ਨਾਲ ਪਹੁੰਚੇ ਅਤੇ ਪਿੰਡ ਵਾਸੀਆਂ ਨੂੰ ਸਮਝਾਇਆ ਅਤੇ ਛੇਤੀ ਹੀ ਸਾਰੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਸਖ਼ਤ ਕਾਰਵਾਈ ਦਾ ਭਰੋਸਾ ਦਿੱਤਾ। ਡੀਐਸਪੀ ਸੰਦੀਪ ਧਨਖੜ ਨੇ ਦੱਸਿਆ ਕਿ ਵਾਰਦਾਤ ਤੋਂ ਬਾਅਦ ਪੁਲੀਸ ਲਗਾਤਾਰ ਕਾਰਵਾਈ ਕਰ ਰਹੀ ਹੈ। ਮ੍ਰਿਤਕ ਦੇ ਪਰਿਵਾਰ ਵੱਲੋਂ ਚਾਰ ਮੁਲਜ਼ਮਾਂ ਦੇ ਨਾਮ ਦੱਸੇ ਗਏ ਸਨ। ਮੁਲਜ਼ਮਾਂ ਵਿੱਚ ਤਿਲੋਕੇਵਾਲਾ ਦੇ ਵਾਸੀ ਮਮਨਾ ਅਤੇ ਇੰਦਰਜੀਤ, ਦਾਦੂ ਵਾਸੀ ਕੁਲਦੀਪ ਸਿੰਘ ਅਤੇ ਉਨ੍ਹਾਂ ਦੇ ਹੋਰ ਸਾਥੀ ਸ਼ਾਮਲ ਹਨ। ਪੁਲੀਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਬਾਕੀ ਦੋਸ਼ੀਆਂ ਨੂੰ ਵੀ ਛੇਤੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ ਅਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਅੱਜ ਦੇਰ ਸ਼ਾਮ ਨੂੰ ਮ੍ਰਿਤਕ ਸੰਨੀ ਦੀ ਲਾਸ਼ ਪੋਸਟ ਮਾਰਟਮ ਤੋਂ ਬਾਅਦ ਪਿੰਡ ਪਹੁੰਚੀ ਜਿੱਥੇ ਉਸਦਾ ਅੰਤਿਮ ਸੰਸਕਾਰ ਗਮਗੀਨ ਮਾਹੌਲ ਵਿੱਚ ਕੀਤਾ ਗਿਆ। ਇਸ ਦੌਰਾਨ ਸਮਸ਼ਾਨਘਾਟ ਵਿੱਚ ਪੁਲੀਸ ਤਾਇਨਾਤ ਰਹੀ। ਪਰਿਵਾਰ ਅਤੇ ਪਿੰਡ ਵਾਸੀ ਸ਼ਾਮ ਤੱਕ ਸੜਕ ਜਾਮ ਕਰਕੇ ਧਰਨੇ ’ਤੇ ਬੈਠੇ ਸਨ।