ਸੁਖਬੀਰ ਬਾਦਲ ਨੇ ਪਾਰਟੀ ਵਰਕਰਾਂ ਨੂੰ ਹੱਲਾਸ਼ੇਰੀ ਦਿੱਤੀ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਬਲਾਕ ਸਮਿਤੀ ਅਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਲਈ ਅਕਾਲੀ ਆਗੂਆਂ ਤੇ ਵਰਕਰਾਂ ਨੂੰ ਡੱਟ ਕੇ ਚੋਣ ਲੜਨ ਲਈ ਥਾਪੜਾ ਦਿੱਤਾ ਗਿਆ। ਉਹ ਅੱਜ ਹਲਕੇ ਦੇ ਪਿੰਡ ਬੀਹਲਾ ਵਿੱਚ ਇੱਕ ਪਾਰਟੀ ਵਰਕਰ ਦੇ ਘਰ ਪਹੁੰਚੇ ਸਨ। ਇਸ ਮੌਕੇ ਸ੍ਰੀ ਬਾਦਲ ਨੇ ਕਿਹਾ ਹੈ ਕਿ ਪੰਜਾਬ ਦੇ ਲੋਕ 14 ਦਸੰਬਰ ਨੂੰ ਹੋਣ ਜਾ ਰਹੀਆਂ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸਮਿਤੀ ਚੋਣਾਂ ਵਿੱਚ ਮੌਜੂਦਾ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ, ਧੱਕੇਸ਼ਾਹੀ, ਜ਼ਬਰ ਜ਼ੁਲਮ ਅਤੇ ਨਾਕਾਮ ਕਾਰਜਕਾਰੀ ਦਾ ਸਖ਼ਤ ਜਵਾਬ ਦੇਣਗੇ। ਤਿੰਨ ਸਾਲ ਤੋਂ ਵੱਧ ਸਮੇਂ ਦੀ ਸਰਕਾਰੀ ਕਾਰਗੁਜ਼ਾਰੀ ਨੇ ਸੂਬੇ ਦੇ ਹਰ ਵਰਗ ਨੂੰ ਗੰਭੀਰ ਤੌਰ ’ਤੇ ਨਿਰਾਸ਼ ਕੀਤਾ ਹੈ। ਕਿਸਾਨਾਂ ਨੂੰ ਖੇਤੀ ਨਾਲ ਸਬੰਧਤ ਸੁਧਾਰ ਨਹੀਂ ਮਿਲੇ, ਮਜ਼ਦੂਰ ਵਰਗ ਨੂੰ ਰੁਜ਼ਗਾਰ ਦੀ ਸੁਰੱਖਿਆ ਨਹੀਂ ਮਿਲੀ, ਵਪਾਰੀਆਂ ਨੂੰ ਸਹੂਲਤਾਂ ਨਹੀਂ ਮਿਲੀਆਂ, ਕਰਮਚਾਰੀਆਂ ਦੀਆਂ ਮੰਗਾਂ ਨਜ਼ਰਅੰਦਾਜ਼ ਕੀਤੀਆਂ ਗਈਆਂ ਹਨ ਅਤੇ ਨੌਜਵਾਨਾਂ ਲਈ ਨਵੀਆਂ ਨੌਕਰੀਆਂ ਦੇ ਦਾਅਵੇ ਹਵਾ-ਹਵਾਈ ਸਾਬਤ ਹੋਏ ਹਨ। ਸ੍ਰੀ ਬਾਦਲ ਨੇ ਕਿਹਾ ਕਿ ਲੋਕ ਮੌਜੂਦਾ ਸਰਕਾਰ ਦੀ ਨਾਕਾਮੀ ਅਤੇ ਅਨਿਆਂ ਦੇ ਕਾਰਨ ਬਹੁਤ ਦੁਖੀ ਹਨ ਅਤੇ ਅਕਾਲੀ ਦਲ ਨੂੰ ਇੱਕ ਮਜ਼ਬੂਤ ਵਿਕਲਪ ਦੇ ਰੂਪ ਵਿੱਚ ਦੇਖ ਰਹੇ ਹਨ। ਬਾਦਲ ਨੇ ਦਲੀਲ ਦਿੱਤੀ ਕਿ ਇਹ ਚੋਣਾਂ ਦੇ ਨਤੀਜੇ 2027 ਵਿੱਚ ਅਕਾਲੀ ਦਲ ਦੀ ਸਰਕਾਰ ਬਣਾਉਣ ਦੀ ਮਜ਼ਬੂਤ ਨੀਂਹ ਰੱਖਣਗੇ, ਕਿਉਂਕਿ ਇਹ ਲੋਕਾਂ ਦੇ ਭਰੋਸੇ ਅਤੇ ਤਬਦੀਲੀ ਦੀ ਲਹਿਰ ਦੀ ਦਿਸ਼ਾ ਦਰਸਾਉਣਗੀਆਂ। ਉਨ੍ਹਾਂ ਨੂੰ ਇਕਜੁੱਟ ਹੋ ਕੇ ਮਜ਼ਬੂਤੀ ਨਾਲ ਚੋਣਾਂ ਲੜਨ ਲਈ ਪ੍ਰੇਰਿਆ।
