ਖ਼ੁਦਕੁਸ਼ੀ ਕਾਂਡ: ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਮੁਜ਼ਾਹਰਾ
ਸਹੁਰੇ ਪਰਿਵਾਰ ਵੱਲੋਂ ਪ੍ਰੇਸ਼ਾਨ ਹੋ ਕੇ ਭਾਖੜਾ ਨਹਿਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰਨ ਵਾਲੀ ਮੀਨਾਕਸ਼ੀ ਦੀ ਲਾਸ਼ ਚਾਰ ਦਿਨਾਂ ਬਾਅਦ ਸਿਰਸਾ ਲਾਗਿਓਂ ਬਰਾਮਦ ਹੋਈ ਹੈ, ਜਿਸ ਦਾ ਸਿਰਸਾ ਦੇ ਹਸਪਤਾਲ ਵਿਖੇ ਪੋਸਟਮਾਰਟਮ ਕਰਵਾਉਣ ਉਪਰੰਤ ਉਸ ਦੇ ਮਾਪਿਆਂ ਵੱਲੋਂ ਮਾਨਸਾ ਦੇ ਰਾਮਬਾਗ ਵਿੱਚ ਸਸਕਾਰ ਕਰ ਦਿੱਤਾ ਗਿਆ। ਸਸਕਾਰ ਤੋਂ ਪਹਿਲਾਂ ਇਨਸਾਫ਼ ਲਈ ਸ਼ਹਿਰ ਵਿੱਚ ਪੇਕੇ ਪਰਿਵਾਰ ਵੱਲੋਂ ਰੋਸ ਮਾਰਚ ਕੀਤਾ ਗਿਆ, ਜਿਸ ਵਿੱਚ ਮਾਨਸਾ ਦੇ ਮੋਹਤਵਰ ਵਿਅਕਤੀਆਂ ਨੇ ਭਾਗ ਲਿਆ। ਖੁਦਕੁਸ਼ੀ ਦਾ ਸ਼ਿਕਾਰ ਹੋਈ ਮੀਨਾਕਸ਼ੀ ਸ਼ਹਿਰ ਦੇ ਇੱਕ ਅਮੀਰ ਪਰਿਵਾਰ ਦੀ ਨੰਹੂ ਸੀ।
ਵੇਰਵਿਆਂ ਅਨੁਸਾਰ ਥਾਣਾ ਸਿਟੀ-2 ਮਾਨਸਾ ਦੀ ਪੁਲੀਸ ਨੇ ਇਸ ਸਬੰਧੀ ਮੀਨਾਕਸ਼ੀ ਦੇ ਪਤੀ, ਸੱਸ, ਸਹੁਰਾ ਸਮੇਤ ਪਰਿਵਾਰ ਦੇ 8 ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ, ਜਿਨ੍ਹਾਂ ਦੀ ਪੁਲੀਸ ਵੱਲੋਂ ਭਾਲ ਕੀਤੀ ਜਾ ਰਹੀ ਹੈ। ਪੁਲੀਸ ਕੋਲ ਪੇਕੇ ਪਰਿਵਾਰ ਵੱਲੋਂ ਲਿਖਵਾਈ ਰਿਪੋਰਟ ਅਨੁਸਾਰ ਮੀਨਾਕਸ਼ੀ ਨੂੰ ਸਹੁਰੇ ਪਰਿਵਾਰ ਵਲੋਂ ਕੁੱਟਮਾਰ ਕਰਨ ਅਤੇ ਤੰਗ ਪ੍ਰੇਸ਼ਾਨ ਕਰਨ ਨੂੰ ਲੈ ਕੇ ਉਸ ਨੇ ਵੀਰਵਾਰ ਨੂੰ ਪਟਿਆਲਾ ਵਿਖੇ ਭਾਖੜਾ ਨਹਿਰ ਵਿਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਸੀ। ਸਿਨੇਮਾ ਰੋਡ ’ਤੇ ਦਿੱਤੇ ਧਰਨੇ ਵਿਚ ਬੋਲਦਿਆਂ ਮ੍ਰਿਤਕ ਲੜਕੀ ਦੇ ਭਰਾ ਅਮਿਤ ਕੁਮਾਰ, ਭੈਣ ਵਿਸ਼ਾਲੀ ਬਾਂਸਲ ਅਤੇ ਹੋਰਨਾਂ ਨੇ ਕਿਹਾ ਕਿ ਉਸ ਦਾ ਸਹੁਰਾ ਪਰਿਵਾਰ ਮੀਨਾਕਸ਼ੀ ’ਤੇ ਤਸ਼ੱਦਦ ਕਰਦਾ ਆ ਰਿਹਾ ਸੀ। ਘਟਨਾ ਵਾਲੇ ਦਿਨ ਵੀਰਵਾਰ ਤੋਂ ਇਕ ਦਿਨ ਪਹਿਲਾਂ ਪਰਿਵਾਰ ਨੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਅਤੇ ਇਕ ਛੋਟੇ ਬੱਚੇ ਨੇ ਵੀ ਮੀਨਾਕਸ਼ੀ ਦੇ ਥੱਪੜ ਮਾਰੇ। ਉਨ੍ਹਾਂ ਦੱਸਿਆ ਕਿ ਮੀਨਾਕਸ਼ੀ ਉਪਰ ਸਹੁਰੇ ਪਰਿਵਾਰ ਇਹ ਦਹਿਸ਼ਤ ਪਾਈ ਹੋਈ ਸੀ ਕਿ ਡਰ ਕਾਰਨ ਉਨ੍ਹਾਂ ਨੂੰ ਵੀ ਕੁਝ ਨਹੀਂ ਦੱਸ ਰਹੀ ਸੀ ਪਰ ਹੁਣ ਜਦੋਂ ਉਨ੍ਹਾਂ ਦਾ ਜ਼ੁਲਮ ਹੱਦ ਤੋਂ ਵੱਧ ਗਿਆ ਤਾਂ ਵੀਰਵਾਰ ਦੀ ਸਵੇਰ ਮੀਨਾਕਸ਼ੀ ਨੇ ਭਾਖੜਾ ਨਹਿਰ ਵਿਚ ਛਾਲ ਮਾਰ ਦਿੱਤੀ। ਉਨ੍ਹਾਂ ਕਿਹਾ ਕਿ ਜਦੋਂ ਕਿ ਸਹੁਰਾ ਪਰਿਵਾਰ ਜਾਣਦਾ ਸੀ ਕਿ ਮੀਨਾਕਸ਼ੀ ਨੇ ਨਹਿਰ ਵਿਚ ਛਾਲ ਮਾਰ ਦਿੱਤੀ, ਪਰ ਉਨ੍ਹਾਂ ਤੋਂ ਸਹੁਰਾ ਪਰਿਵਾਰ ਇਹ ਸਾਰੀ ਗੱਲ ਲੁਕਾਉਂਦਾ ਰਿਹਾ। ਉਹ ਆਪਣੀ ਧੀ ਦੀ ਚਾਰ ਦਿਨ ਭਾਲ ਕਰਦੇ ਰਹੇ ਅਤੇ ਆਖਿਰ ਸਿਰਸਾ ਲਾਗੇ ਜਾਕੇ ਉਨ੍ਹਾਂ ਨੂੰ ਨਹਿਰ ਵਿਚੋਂ ਕਿਸੇ ਔਰਤ ਦੀ ਲਾਸ਼ ਮਿਲਣ ਦੀ ਸੂਚਨਾ ਮਿਲੀ। ਉਨ੍ਹਾਂ ਦੱਸਿਆ ਕਿ ਪਹਿਚਾਣ ਕਰਨ ’ਤੇ ਉਹ ਮੀਨਾਕਸ਼ੀ ਹੀ ਨਿਕਲੀ। ਪੰਜਾਬ ਪੁਲੀਸ ਦੇ ਮਾਨਸਾ ਸਥਿਤ ਡੀਐੱਸਪੀ ਬੂਟਾ ਸਿੰਘ ਗਿੱਲ ਨੇ ਦੱਸਿਆ ਕਿ ਪੁਲੀਸ ਨੇ ਪੇਕੇ ਪਰਿਵਾਰ ਦੇ ਬਿਆਨਾਂ ’ਤੇ ਕੇਸ ਦਰਜ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਨੂੰ ਫੜਨ ਲਈ ਪੁਲੀਸ ਟੀਮਾਂ ਭੇਜੀਆਂ ਗਈਆਂ ਹਨ।