ਬਠਿੰਡਾ ਨਾਟਿਅਮ ਫੈਸਟੀਵਲ ’ਚ ਨਾਟਕ ‘ਬਿੱਛੂ’ ਦਾ ਸਫ਼ਲ ਮੰਚਨ
ਇਥੇ ਬਲਵੰਤ ਗਾਰਗੀ ਆਡੀਟੋਰੀਅ ਵਿੱਚ 14ਵੇਂ ਨਾਟਿਅਮ ਨੈਸ਼ਨਲ ਥੀਏਟਰ ਫੈਸਟੀਵਲ ਦੇ ਦੂਜੇ ਦਿਨ ਨਾਟਕ 'ਬਿੱਛੂ' ਦਾ ਸਫ਼ਲ ਮੰਚਨ ਹੋਇਆ। ਐਕਟਿਵ ਮੋਨਲ ਕਲਚਰਲ ਐਸੋਸੀਏਸ਼ਨ, ਕੱਲੂ ਹਿਮਾਚਲ ਪ੍ਰਦੇਸ਼ ਦੀ ਟੀਮ ਨੇ ਮੌਲਿਅਰ ਦੇ ਲਿਖੇ ਇਸ ਹਿੰਦੀ 'ਚ ਅਨੁਵਾਦਿਤ ਨਾਟਕ ਨੂੰ ਕਿਹਰ ਸਿੰਘ ਠਾਕੁਰ ਦੇ ਨਿਰਦੇਸ਼ਨ ਹੇਠ ਖੇਡਿਆ ਗਿਆ। ਫੈਸਟੀਵਲ ਦੇ ਦੂਜੇ ਦਿਨ ਮਹਿਮਾਨਾਂ ਵਜੋਂ ਅਨਿਲ ਠਾਕੁਰ, ਚੇਅਰਮੈਨ ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਅਤੇ ਅੰਮ੍ਰਿਤ ਲਾਲ ਗਰਗ ਤੇ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਪਹੁੰਚੇ।
ਨਾਟਿਅਮ ਪ੍ਰਧਾਨ ਰਿੰਪੀ ਕਾਲੜਾ ਨੇ ਮਹਿਮਾਨਾਂ ਦਾ ਸੁਆਗਤ ਕੀਤਾ। ਅਨਿਲ ਠਾਕੁਰ ਨੇ ਕਿਹਾ ਕਿ ਨਾਟਕ ਸਮਾਜ ਦਾ ਸ਼ੀਸ਼ਾ ਹੁੰਦੇ ਹਨ ਅਤੇ ਸਮਾਜ ਨੂੰ ਹੋਰ ਬਰੀਕੀ ਨਾਲ ਸਮਝਣ ਵਿੱਚ ਸਹਾਈ ਹੁੰਦੇ ਹਨ। ਅੰਮ੍ਰਿਤ ਲਾਲ ਅਗਰਵਾਲ ਨੇ ਕਿਹਾ ਕਿ ਸੂਬਾ ਸਰਕਾਰ ਕਲਾ ਨੂੰ ਉਤਸ਼ਾਹਿਤ ਕਰਨ ਲਈ ਹਰ ਸੰਭਵ ਯਤਨ ਕਰ ਰਹੀ ਹੈ ਤੇ ਕੀਰਤੀ ਕਿਰਪਾਲ ਦੀ ਟੀਮ ਨਾਟਿਅਮ ਦਾ ਇਹ ਉਪਰਾਲਾ ਇਸੇ ਦੀ ਹੀ ਇੱਕ ਕੜੀ ਹੈ। ਇਸ 15 ਦਿਨਾਂ ਨਾਟ ਉਤਸਵ ਜੋ 26 ਸਤੰਬਰ ਤੋਂ 10 ਅਕਤੂਬਰ ਤੱਕ ਚੱਲਣਾ ਹੈ, ਹਰ ਰੋਜ਼ ਸ਼ਾਮ 7:00 ਵਜੇ ਤੋਂ ਸ਼ੁਰੂ ਹੋਇਆ ਕਰੇਗਾ। ਇਸ ਥੀਏਟਰ ਫੈਸਟੀਵਲ ਵਿੱਚ ਭਾਰਤ ਦੇ ਵੱਖ-ਵੱਖ ਰਾਜਾਂ ਤੋਂ ਆਈਆਂ ਨਾਟ-ਮੰਡਲੀਆਂ 15 ਨਾਟਕ ਪੇਸ਼ ਕਰਨਗੀਆਂ। ਮੰਚ ਸੰਚਾਲਕ ਦੀ ਭੂਮਿਕਾ ਡਾ. ਸੰਦੀਪ ਸਿੰਘ ਮੋਹਲਾਂ ਅਤੇ ਗੁਰਮੀਤ ਧੀਮਾਨ ਨੇ ਸਾਂਝੇ ਰੂਪ 'ਚ ਨਿਭਾਈ। ਜ਼ਿਲ੍ਹਾ ਭਾਸਾ ਅਫਸਰ ਕੀਰਤੀ ਕਿਰਪਾਲ ਨੇ ਦਰਸ਼ਕਾਂ ਦਾ ਸਵਾਗਤ ਕੀਤਾ।