ਬਗ਼ੈਰ ਕੰਪਿਊਟਰ ਅਧਿਆਪਕ ਤੋਂ ਪੜ੍ਹ ਰਹੇ ਨੇ ਵਿਦਿਆਰਥੀ
ਇਥੋਂ ਦੇ ਅੱਧੀ ਸਦੀ ਤੋਂ ਵੱਧ ਪੁਰਾਣੇ ਸਰਕਾਰੀ ਕਾਲਜ ਵਿੱਚ ਬੀ ਏ ਦੇ ਵਿਦਿਆਰਥੀ ਬੇਸਿਕ ਫੰਡਾਮੈਂਟਲ ਆਫ ਕੰਪਿਊਟਰ’ ਦੀ ਪੜ੍ਹਾਈ ਬਗੈਰ ਕੰਪਿਊਟਰ ਅਧਿਆਪਕ ਤੋਂ ਕਰਨ ਲਈ ਮਜਬੂਰ ਹਨ। ਕਲਾਸਾਂ ਸ਼ੁਰੂ ਹੋਇਆਂ ਨੂੰ ਕਰੀਬ ਤਿੰਨ ਮਹੀਨੇ ਹੋ ਗਏ ਹਨ ਅਤੇ ਅਗਲੇ ਮਹੀਨੇ ਪਹਿਲੇ ਸਮੈਸਟਰ ਦੇ ਪੇਪਰ ਸ਼ੁਰੂ ਹੋਣੇ ਹਨ ਪਰ ਅਜੇ ਤੱਕ ਕੰਪਿਊਟਰ ਦੇ ਵਿਦਿਆਰਥੀਆਂ ਨੂੰ ਅਧਿਆਪਕ ਨਹੀਂ ਮਿਲਿਆ। ਵਿਦਿਆਰਥੀਆਂ ਨੇ ਦੱਸਿਆ ਕਿ ਉਹ ਇਸ ਸਮੱਸਿਆ ਨੂੰ ਲੈ ਕੇ ਕਾਲਜ ਦੇ ਪ੍ਰਿੰਸੀਪਲ ਨੂੰ ਵੀ ਮਿਲ ਚੁੱਕੇ ਹਨ ਪਰ ਨਾ ਤਾਂ ਕੰਪਿਊਟਰ ਦਾ ਕੋਈ ਸਿਲੇਬਸ ਉਪਲਬਧ ਕਰਾਇਆ ਗਿਆ ਹੈ ਅਤੇ ਨਾ ਹੀ ਕੰਪਿਊਟਰ ਅਧਿਆਪਕ। ਉਨ੍ਹਾਂ ਚਿੰਤਾ ਜ਼ਾਹਿਰ ਕੀਤੀ ਕਿ ਹੁਣ ਅਗਲੇ ਮਹੀਨੇ ਜਦੋਂ ਉਹ ਪੇਪਰ ਦੇਣਗੇ ਤਾਂ ਉਹ ਪਾਸੇ ਕਿਵੇਂ ਹੋਣਗੇ? ਵਿਦਿਆਰਥੀਆਂ ਨੇ ਦੱਸਿਆ ਕਿ ਉਨ੍ਹਾਂ ਕੋਲ ਸਮਾਜਿਕ ਵਿਗਿਆਨ ਅਤੇ ਭੌਤਿਕ ਵਿਗਿਆਨ ਸਣੇ ਹੋਰ ਵਿਸ਼ਿਆਂ ਦੀਆਂ ਕਿਤਾਬਾਂ ਵੀ ਨਹੀਂ ਹਨ। ਇਹ ਕਿਤਾਬਾਂ ਨਾ ਤਾਂ ਬਾਜ਼ਾਰ ਵਿੱਚੋਂ ਮਿਲਦੀਆਂ ਹਨ ਅਤੇ ਨਾ ਹੀ ਕਾਲਜ ਦੀ ਲਾਇਬਰੇਰੀ ਦੇ ਵਿੱਚੋਂ। ਕੁਝ ਅਧਿਆਪਕ ਤਾਂ ਜ਼ਬਾਨੀ ਪੜ੍ਹਾ ਦਿੰਦੇ ਹਨ ਅਤੇ ਕੁਝ ਅਧਿਆਪਕ ਬਣੇ ਬਣਾਏ ਨੋਟਿਸ ਦੇ ਕੇ ਡੰਗ ਸਾਰ ਰਹੇ ਹਨ। ਇਸ ਸਭ ਕਾਸੇ ਦਾ ਅਸਰ ਉਨ੍ਹਾਂ ਦੀ ਪੜ੍ਹਾਈ ਉੱਪਰ ਪੈ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਦੀਆਂ ਕੰਪਿਊਟਰ ਕਲਾਸਾਂ ਲਗਾਤਾਰ ਲਾਏ ਜਾਣ ਦਾ ਪ੍ਰਬੰਧ ਕੀਤਾ ਜਾਵੇ ਅਤੇ ਕਾਲਜ ਦੀ ਲਾਇਬਰੇਰੀ ਵਿੱਚ ਕਿਤਾਬਾਂ ਉਪਲਬਧ ਕਰਾਈਆਂ ਜਾਣ।
ਕੰਪਿਊਟਰ ਅਧਿਆਪਕ ਦਾ ਪ੍ਰਬੰਧਕ ਕਰ ਦਿੱਤਾ ਹੈ: ਪ੍ਰਿੰਸੀਪਲ
ਕਾਲਜ ਦੇ ਵਾਈਸ ਪ੍ਰਿੰਸੀਪਲ ਜਗਨਦੀਪ ਸਿੰਘ ਨੇ ਦੱਸਿਆ ਕਿ ਕਾਲਜ ਦੀ ਰੈਗੂਲਰ ਕੰਪਿਊਟਰ ਅਧਿਆਪਕਾ ਜਣੇਪਾ ਛੁੱਟੀ ’ਤੇ ਚੱਲ ਰਹੀ ਹੈ। ਇਹ ਮਾਮਲਾ ਹੁਣ ਉਨ੍ਹਾਂ ਦੇ ਧਿਆਨ ਵਿੱਚ ਵਿਦਿਆਰਥੀਆਂ ਨੇ ਹੁਣ ਲਿਆਂਦਾ ਹੈ। ਇਸ ਲਈ ਕਾਲਜ ਵੱਲੋਂ ‘ਉੱਚ ਸਿੱਖਿਆ ਸੰਸਥਾਨ ਸੁਸਾਇਟੀ’ (ਐੱਚ ਈ ਆਈ ਐਸ) ਦੇ ਸਹਿਯੋਗ ਨਾਲ ਕੰਪਿਊਟਰ ਅਧਿਆਪਕ ਦਾ ਪ੍ਰਬੰਧ ਕਰ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਕਿਤਾਬਾਂ ਦਾ ਸਿਲੇਬਸ ਇਸ ਵਾਰ ਬਦਲਿਆ ਹੋਣ ਕਰਕੇ ਕਾਲਜ ਵੱਲੋਂ ਲਾਇਬਰੇਰੀ ਵਾਸਤੇ ਕਿਤਾਬਾਂ ਉਪਲਬਧ ਕਰਾਉਣ ਲਈ ਕੁਟੇਸ਼ਨਾਂ ਮੰਗੀਆਂ ਹੋਈਆਂ ਹਨ। ਜਲਦੀ ਹੀ ਇਨ੍ਹਾਂ ਕੁਟੇਸ਼ਨਾਂ ਦੇ ਆਧਾਰ ‘ਤੇ ਕਿਸੇ ਇੱਕ ਪ੍ਰਕਾਸ਼ਕ ਨੂੰ ਕਿਤਾਬਾਂ ਉਪਲਬਧ ਕਰਾਉਣ ਦੇ ਜ਼ਿੰਮੇਵਾਰੀ ਸੌਂਪੀ ਜਾਵੇਗੀ। ਉਨ੍ਹਾਂ ਇਸ ਸਵਾਲ ਦੇ ਜਵਾਬ ਵਿੱਚ ਕੁਝ ਵੀ ਕਹਿਣ ਤੋਂ ਗ਼ੁਰੇਜ਼ ਕੀਤਾ ਕਿ ਬਗੈਰ ਅਧਿਆਪਕ ਅਤੇ ਬਗੈਰ ਕਿਤਾਬਾਂ ਤੋਂ ਵਿਦਿਆਰਥੀ ਆਉਣ ਵਾਲੇ ਪੇਪਰਾਂ ਦੇ ਵਿੱਚ ਕੀ ਲਿਖਣਗੇ?