ਘਰ ਤੋਂ ਸਕੂਲ ਪੜ੍ਹਨ ਗਿਆ ਵਿਦਿਆਰਥੀ ਲਾਪਤਾ ਹੋਇਆ
ਨਜ਼ਦੀਕੀ ਪਿੰਡ ਚੱਕ ਤਾਰੇਵਾਲਾ ਦਾ ਵਿਦਿਆਰਥੀ ਘਰ ਤੋਂ ਸਕੂਲ ਪੜ੍ਹਨ ਆਇਆ ਲਾਪਤਾ ਹੋ ਗਿਆ। ਲਵਪ੍ਰੀਤ ਸਿੰਘ ਨਾਮੀ ਲੜਕਾ ਜੋ ਕਿ ਏਡੀ ਸਕੂਲ ਧਰਮਕੋਟ ਦਾ ਗਿਆਰਵੀਂ ਜਮਾਤ ਦਾ ਵਿਦਿਆਰਥੀ ਹੈ, ਲੰਘੇ ਕੱਲ੍ਹ ਆਪਣੇ ਘਰ ਤੋਂ ਸਕੂਲ ਪੜ੍ਹਨ ਆਇਆ ਤੇ ਰਸਤੇ ਵਿੱਚ ਹੀ ਲਾਪਤਾ ਹੋ ਗਿਆ। ਦੇਰ ਸ਼ਾਮ ਉਕਤ ਵਿਦਿਆਰਥੀ ਜਦੋਂ ਵਾਪਸ ਘਰ ਨਾ ਪੁੱਜਾ ਤਾਂ ਪਰਿਵਾਰ ਨੂੰ ਸਵੇਰ ਤੋਂ ਹੀ ਉਸ ਦੇ ਸਕੂਲ ਨਾ ਪੁੱਜਣ ਦੀ ਜਾਣਕਾਰੀ ਮਿਲੀ। ਪਰਿਵਾਰ ਨੇ ਉਸ ਦੀ ਭਾਲ ਆਰੰਭ ਦਿੱਤੀ ਪਰ ਕਈ ਘੰਟੇ ਬੀਤਣ ’ਤੇ ਵੀ ਉਸ ਦਾ ਪਤਾ ਨਹੀਂ ਚੱਲ ਸਕਿਆ ਹੈ। ਪਰਿਵਾਰ ਡੂੰਘੇ ਸਦਮੇਂ ਵਿਚ ਹੈ।
ਜਾਣਕਾਰੀ ਮੁਤਾਬਕ ਵਿਦਿਆਰਥੀ ਦਾ ਬੈਗ ਅਤੇ ਸਕੂਲ ਦੀ ਵਰਦੀ ਇੱਥੇ ਗੁਰਦੁਆਰਾ ਸਿੰਘ ਸਭਾ ਦੇ ਨਜ਼ਦੀਕ ਇੱਕ ਭੀੜੀ ਗਲੀ ਵਿੱਚ ਪਈ ਮਿਲੀ ਹੈ। ਲੜਕੇ ਦੇ ਪਿਤਾ ਮਨੋਹਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋਂ ਮਾਮਲਾ ਪੁਲੀਸ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ। ਥਾਣਾ ਮੁਖੀ ਗੁਰਮੇਲ ਸਿੰਘ ਨੇ ਵਿਦਿਆਰਥੀ ਦੀ ਗੁੰਮਸ਼ੁਦਗੀ ਸਬੰਧੀ ਸ਼ਿਕਾਇਤ ਮਿਲਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪਰਿਵਾਰ ਨੇ ਜਾਣਕਾਰੀ ਦਿੱਤੀ ਹੈ ਕਿ ਉਕਤ ਲੜਕਾ ਘਰ ਤੋਂ ਪੁਰਾਣਾ ਫੋਨ ਅਤੇ ਕੱਪੜੇ ਆਦਿ ਵੀ ਲੈ ਕੇ ਗਿਆ ਹੈ ਜਿਸ ਤੋਂ ਉਸ ਦੇ ਅਗਵਾ ਵਗੈਰਾ ਹੋਣ ਦੀ ਸੰਭਾਵਨਾ ਨਹੀਂ ਹੈ। ਪੁਲੀਸ ਸਾਰੇ ਪੱਖਾਂ ਤੋਂ ਜਾਂਚ ਕਰ ਰਹੀ ਹੈ ਅਤੇ ਨੇੜਲੇ ਸੀਸੀਟੀਵੀ ਕੈਮਰੇ ਘੋਖੇ ਜਾ ਰਹੇ ਹਨ।
