ਪਰਾਲੀ ਪ੍ਰਬੰਧਨ: ਸਮਾਂ ਦੇ ਕੇ ਮੀਟਿੰਗ ’ਚ ਨਾ ਪੁੱਜੇ ਐੱਸ ਡੀ ਐੱਮ
ਪਰਾਲੀ ਪ੍ਰਬੰਧਨ ਸਬੰਧੀ ਕਸਬਾ ਮੁੱਦਕੀ ਦੇ ਪਟਵਾਰਖ਼ਾਨੇ ਵਿੱਚ ਐੱਸ ਡੀ ਐੱਮ ਫ਼ਿਰੋਜ਼ਪੁਰ ਅਮਨਦੀਪ ਸਿੰਘ ਵੱਲੋਂ ਰੱਖੀ ਬੈਠਕ ਬੇ-ਸਿੱਟਾ ਰਹੀ। ਐੱਸ ਡੀ ਐੱਮ ਸਮਾਂ ਦੇ ਕੇ ਵੀ ਬੈਠਕ ਵਿੱਚ ਨਹੀਂ ਪਹੁੰਚੇ। ਉਨ੍ਹਾਂ ਦੇ ਵਿਚਾਰ ਸੁਣਨ ਲਈ ਇਕੱਠੇ ਹੋਏ ਕਿਸਾਨ ਢਾਈ-ਤਿੰਨ ਘੰਟੇ ਦੀ ਉਡੀਕ ਮਗਰੋਂ ਆਖ਼ਰ ਚਲੇ ਗਏ। ਅਫ਼ਸਰਸ਼ਾਹੀ ਦੇ ਇਸ ਵਿਵਹਾਰ ਪ੍ਰਤੀ ਕਿਸਾਨੀ ਧਿਰਾਂ ਵਿੱਚ ਰੋਸ ਹੈ। ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਗੁਰਜੰਟ ਸਿੰਘ ਬਰਾੜ, ਬ੍ਰਹਮ ਕੇ ਦੇ ਸਤਨਾਮ ਸਿੰਘ ਬਾਸੀ, ਜੋਗਿੰਦਰ ਸਿੰਘ ਸੰਧੂ, ਵਰਿੰਦਰ ਸ਼ਰਮਾ ਤੇ ਸੁਖਮੰਦਰ ਸਿੰਘ ਖੋਸਾ ਆਦਿ ਇਕੱਠੇ ਹੋਏ ਕਿਸਾਨਾਂ ਨੇ ਦੱਸਿਆ ਕਿ ਮਾਲ ਵਿਭਾਗ ਦੇ ਸਥਾਨਕ ਅਮਲੇ ਵੱਲੋਂ ਉਨ੍ਹਾਂ ਨੂੰ ਬੈਠਕ ਦਾ ਸੁਨੇਹਾ ਲਾਇਆ ਗਿਆ ਸੀ। ਬੈਠਕ ਵਿੱਚ ਐੱਸ ਡੀ ਐੱਮ ਤੋਂ ਇਲਾਵਾ ਹੋਰ ਵਿਭਾਗਾਂ ਦੇ ਅਫ਼ਸਰਾਂ ਨੇ ਵੀ ਪਹੁੰਚਣਾ ਸੀ। ਕਿਸਾਨ ਮਿਥੇ ਸਮੇਂ ’ਤੇ ਪਟਵਾਰਖ਼ਾਨੇ ਪਹੁੰਚ ਗਏ। ਲੰਮੀ ਇੰਤਜ਼ਾਰ ਉਪਰੰਤ ਅਫ਼ਸਰਾਂ ਦੇ ਨਹੀਂ ਆਉਣ ਦਾ ਸੁਨੇਹਾ ਆ ਗਿਆ। ਕਿਸਾਨਾਂ ਨੇ ਐਸਡੀਐਮ ਨੂੰ ਦੇਣ ਲਈ ਮੰਗ ਪੱਤਰ ਵੀ ਤਿਆਰ ਕੀਤਾ ਸੀ। ਐੱਸ ਡੀ ਐੱਮ ਅਮਨਦੀਪ ਸਿੰਘ ਦਾ ਕਹਿਣਾ ਹੈ ਕਿ ਕਿਸਾਨ ਅੰਨਦਾਤਾ ਹੈ। ਉਹ ਉਨ੍ਹਾਂ ਲਈ ਸਤਿਕਾਰਯੋਗ ਹਨ। ਮੁੱਦਕੀ ਤੋਂ ਪਹਿਲਾਂ ਉਹ ਵਾੜਾ ਭਾਈ ਕਾ ਤੇ ਕਬਰ ਵੱਛਾ ਵਿਖੇ ਬੈਠਕਾਂ ਕਰ ਚੁੱਕੇ ਸਨ। ਡੀ ਸੀ ਵੱਲੋਂ ਜ਼ਰੂਰੀ ਸੁਨੇਹਾ ਮਿਲਣ ਕਾਰਨ ਉਨ੍ਹਾਂ ਨੂੰ ਵਾਪਸ ਜਾਣਾ ਪਿਆ। ਉਨ੍ਹਾਂ ਕਿਹਾ ਕਿ ਉਹ ਲੋਕਾਂ ਦੇ ਸੇਵਕ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਪਰੇਸ਼ਾਨ ਕਰਨਾ ਉਨ੍ਹਾਂ ਦਾ ਮਨੋਰਥ ਨਹੀਂ ਹੈ, ਪਰ ਕਈ ਵਾਰ ਹਾਲਾਤ ਮਜਬੂਰ ਕਰ ਦਿੰਦੇ ਹਨ।