ਲੈਂਡ ਪੂਲਿੰਗ ਨੀਤੀ ਖ਼ਿਲਾਫ਼ ਸੰਘਰਸ਼ ਭਵਿੱਖ ਬਚਾਉਣ ਦੀ ਜੰਗ: ਰੁਲਦੂ ਸਿੰਘ
ਸੰਯੁਕਤ ਕਿਸਾਨ ਮੋਰਚੇ ਦੇ ਆਗੂ ਤੇ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੈਂਡ ਪੂਲਿੰਗ ਨੀਤੀ ਖ਼ਿਲਾਫ਼ ਕਿਸਾਨਾਂ ਦੀਆਂ ਜੱਦੀ ਜਾਇਦਾਦਾਂ ਨੂੰ ਐਕੁਆਇਰ ਕਰਨ ਖ਼ਿਲਾਫ਼ ਹੁਣ ਦੇਸ਼ ਵਿਆਪੀ ਕਿਸਾਨ ਅੰਦੋਲਨ ਦੀ ਤਰਜ਼ ’ਤੇ 30 ਜੁਲਾਈ ਤੋਂ ਟਰੈਕਟਰ ਮਾਰਚ ਦਾ ਫ਼ੈਸਲਾ ਕੀਤਾ ਗਿਆ ਹੈ। ਇਹ ਅੰਦੋਲਨ ਉਸ ਦਿਨ ਮਾਨਸਾ ਦੀ ਧਰਤੀ ਤੋਂ ਆਰੰਭ ਕੀਤਾ ਜਾਵੇਗਾ ਤੇ ਸਮਾਪਤੀ ਮਾਨਸਾ ਨੇੜੇ ਪਿੰਡ ਠੂਠਿਆਂਵਾਲੀ ਵਿੱਚ ਐਕੁਆਇਰ ਕੀਤੀ ਜਾ ਰਹੀ 212 ਏਕੜ ਜ਼ਮੀਨ ਨੇੜੇ ਪੈਂਦੀ ਦਾਣਾ ਮੰਡੀ ’ਚ ਰੈਲੀ ਦੇ ਰੂਪ ਵਿੱਚ ਕੀਤੀ ਜਾਵੇਗੀ। ਉਸ ਰੈਲੀ ਵਿੱਚ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਖ਼ਿਲਾਫ਼ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਨੀਤੀ ਤਹਿਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਲਿਆਂਦੇ ਕਾਲੇ ਕਾਨੂੰਨਾਂ ਵਾਂਗ ਭਗਵੰਤ ਮਾਨ ਨੂੰ ਹੰਭ-ਹਾਰਕੇ ਇਹ ਨੀਤੀ ਵਾਪਸ ਲੈਣੀ ਪਵੇਗੀ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਵਿਰੋਧ ਮੁਹਰੇ ਨਾ ਪੰਜਾਬ ਪੁਲੀਸ ਖੜ੍ਹਨੀ ਹੈ, ਨਾ ਭਗਵੰਤ ਮਾਨ ਦੇ ਪ੍ਰਾਪਰਟੀ ਡੀਲਰ ਖੜ੍ਹਨੇ ਹਨ। ਉਨ੍ਹਾਂ ਕਿਹਾ ਕਿ ਜ਼ਮੀਨ ਬਚਾਉਣ ਦੀ ਲੜਾਈ ਭਵਿੱਖ ਬਚਾਉਣ ਦੀ ਜੰਗ ਹੈ।
ਪੰਜਾਬ ਕਿਸਾਨ ਯੂਨੀਅਨ ਦੀ ਅੱਜ ਇੱਥੇ ਹੋਈ ਮੀਟਿੰਗ ਨੂੰ ਸੰਬੋਧਨ ਕਰਨ ਮਗਰੋਂ ਗੱਲਬਾਤ ਕਰਦਿਆਂ ਰੁਲਦੂ ਸਿੰਘ ਨੇ ਕਿਹਾ ਕਿ ਭਗਵੰਤ ਮਾਨ ਦੀ ਸਰਕਾਰ ਵੱਲੋਂ ਅਰਵਿੰਦ ਕੇਜਰੀਵਾਲ ਤੇ ਉਸ ਦੇ ਭਾਈਵਾਲਾਂ ਦੇ ਦਬਾਅ ਹੇਠ ਆ ਕੇ ਪੰਜਾਬ ਦੀ ਵਾਹੀਯੋਗ ਜ਼ਮੀਨ ਨੂੰ ਜਬਰੀ ਐਕੁਆਇਰ ਕਰ ਕੇ ਪ੍ਰਾਪਰਟੀ ਡੀਲਰਾਂ ਹਵਾਲੇ ਕੀਤਾ ਜਾ ਰਿਹਾ ਹੈ, ਇਸ ਨੂੰ ਸਹਿਣ ਕੀਤਾ ਜਾਵੇਗਾ। ਪੰਜਾਬ ਸਰਕਾਰ ਜਿੰਨਾ ਮਰਜ਼ੀ ਜ਼ੋਰ ਲਾ ਲਵੇ, ਕਿਸੇ ਨੂੰ ਵੀ ਉਸ ਜ਼ਮੀਨ ਵਿੱਚ ਵੜਨ ਨਹੀਂ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਸੂਬੇ ਅੰਦਰ ਖੇਤੀ ਅਧੀਨ ਰਕਬਾ ਪਹਿਲਾਂ ਹੀ ਘਟ ਰਿਹਾ ਹੈ, ਉੱਪਰੋਂ ਪੰਜਾਬ ਸਰਕਾਰ ਸਨਅਤੀ ਜ਼ੋਨ ਵਿਕਸਤ ਕਰਨ ਲਈ ਆਏ ਦਿਨ ਉਪਜਾਊ ਜ਼ਮੀਨ ਐਕੁਆਇਰ ਕਰ ਰਹੀ ਹੈ। ਉਨ੍ਹਾਂ ਐਲਾਨ ਕੀਤਾ ਕਿ ਕਿਸਾਨਾਂ ਵੱਲੋਂ ਪਿੰਡ ਠੂਠਿਆਂਵਾਲੀ ਵਿੱਚ ਆਰਬਨ ਅਸਟੇਟ ਲਈ ਐਕੁਆਇਰ ਕੀਤੀ ਜਾ ਰਹੀ ਜ਼ਮੀਨ ਦੇ ਵਿਰੋਧ ’ਚ ਪੰਜਾਬ ਸਰਕਾਰ ਖ਼ਿਲਾਫ਼ 30 ਜੁਲਾਈ ਨੂੰ ਟਰੈਕਟਰ ਮਾਰਚ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਇਹ ਨੀਤੀ ਅਨਾਜ ਉਤਪਾਦਕਾਂ ਨੂੰ ਹੀ ਹੱਕੋਂ ਵਾਂਝੇ ਨਹੀਂ ਕਰਦੀ, ਸਗੋਂ ਪਿੰਡਾਂ ਦੇ ਆਰਥਿਕ ਢਾਂਚੇ ਨੂੰ ਵੀ ਤਬਾਹ ਕਰਦੀ ਹੈ। ਇਸ ਮੌਕੇ ਗੋਰਾ ਸਿੰਘ ਭੈਣੀਬਾਘਾ, ਰਾਮਫਲ ਚੱਕ ਅਲੀਸ਼ੇਰ ਤੇ ਪੰਜਾਬ ਸਿੰਘ ਅਕਲੀਆ ਵੀ ਮੌਜੂਦ ਸਨ।